ਮੁੱਖ ਸਮੱਗਰੀ 'ਤੇ ਜਾਓ

Free Australian health advice you can count on.

Free Australian health advice you can count on.

ਸੰਕਟਕਾਲੀਨ ਗਰਭ ਨਿਰੋਧਕ ਗੋਲੀ - 'ਦ ਮੌਰਨਿੰਗ ਆਫਟਰ ਪਿੱਲ (ਐਮਰਜੈਂਸੀ ਗਰਭਨਿਰੋਧਕ ਗੋਲੀ)'

ਅਜਿਹੀ ਗੋਲੀ ਜਿਸ ਵਿੱਚ ਜਾਂ ਤਾਂ ਇੱਕ ਹਾਰਮੋਨ (ਪ੍ਰੋਜੈਸਟੋਜਨ) ਜਾਂ ਇੱਕ ਹਾਰਮੋਨ ਬਲੌਕਰ ਹੁੰਦਾ ਹੈ, ਜਿਸਦੀ ਵਰਤੋਂ ਅਸੁਰੱਖਿਅਤ ਸੰਭੋਗ ਦੇ 5 ਦਿਨਾਂ ਬਾਅਦ ਤੱਕ ਕੀਤੀ ਜਾ ਸਕਦੀ ਹੈ।

  • ਐਮਰਜੈਂਸੀ (ਸੰਕਟਕਾਲੀਨ)

ਸੰਖੇਪ ਜਾਣਕਾਰੀ

ਕੀ ਇਸ ਦਾ ਕੋਈ ਹੋਰ ਨਾਮ ਹੈ?

ਦ ਮੌਰਨਿੰਗ ਆਫਟਰ ਪਿੱਲ, ਯੋਜਨਾ ਬੀ।

ਇਹ ਕੀ ਹੈ?

ਅਜਿਹੀ ਗੋਲੀ ਜਿਸ ਵਿੱਚ ਜਾਂ ਤਾਂ ਇੱਕ ਹਾਰਮੋਨ (ਪ੍ਰੋਜੈਸਟੋਜਨ) ਜਾਂ ਇੱਕ ਹਾਰਮੋਨ ਬਲੌਕਰ ਹੁੰਦਾ ਹੈ।

ਮੌਰਨਿੰਗ ਆਫਟਰ ਪਿੱਲ ਦੀਆਂ 2 ਕਿਸਮਾਂ ਹਨ:

  • ਲੇਵੋਨੋਰਜੈਸਟ੍ਰਲ (ਐਲਐਨਜੀ) ਗੋਲੀ ਜਿਸ ਵਿੱਚ ਇੱਕ ਹਾਰਮੋਨ (ਪ੍ਰੋਜੈਸਟੋਜਨ) ਹੁੰਦਾ ਹੈ। ਅਸੁਰੱਖਿਅਤ ਸੰਭੋਗ ਦੇ ਬਾਅਦ ਇਸਨੂੰ 3 ਦਿਨਾਂ (72 ਘੰਟੇ) ਬਾਅਦ ਤੱਕ ਲਿਆ ਜਾ ਸਕਦਾ ਹੈ।
  • ਯੂਲੀਪ੍ਰਿਸਟਲ ਐਸੀਟੇਟ (ਯੂਪੀਏ) ਗੋਲੀ ਜਿਸ ਵਿੱਚ ਇੱਕ ਹਾਰਮੋਨ ਬਲੌਕਰ ਹੁੰਦਾ ਹੈ। ਅਸੁਰੱਖਿਅਤ ਸੰਭੋਗ ਦੇ ਬਾਅਦ ਇਸਨੂੰ 5 ਦਿਨਾਂ (120 ਘੰਟੇ) ਬਾਅਦ ਤੱਕ ਲਿਆ ਜਾ ਸਕਦਾ ਹੈ।

ਇਸ ਦੀ ਵਰਤੋਂ ਕਿਸ ਲਈ ਕੀਤੀ ਜਾ ਸਕਦੀ ਹੈ?

  • ਅਸੁਰੱਖਿਅਤ ਸੰਭੋਗ ਦੇ ਬਾਅਦ ਗਰਭ ਅਵਸਥਾ ਨੂੰ ਰੋਕਣਾ।
  • ਕਿਸੇ ਹੋਰ ਕਿਸਮ ਦੇ ਗਰਭ ਨਿਰੋਧਕ ਦੇ ਅਸਫਲ ਹੋਣ ਤੋਂ ਬਾਅਦ ਗਰਭ ਅਵਸਥਾ ਨੂੰ ਰੋਕਣਾ।

ਗਰਭਨਿਰੋਧਕ ਦੇ ਅਸਫਲ ਹੋਣ ਦੀਆਂ ਉਦਾਹਰਨਾਂ ਇਹ ਹਨ:

  • ਜੇ ਸੰਭੋਗ ਦੌਰਾਨ ਕੋਈ ਕੰਡੋਮ ਟੁੱਟ ਜਾਂਦਾ ਹੈ ਜਾਂ ਤਿਲਕ ਜਾਂਦਾ ਹੈ
  • ਜੇ ਤੁਸੀਂ ਗੋਲ਼ੀ ਜਾਂ ਮਿੰਨੀ-ਗੋਲੀ ਲੈਣ ਤੋਂ ਖੁੰਝ (ਰਹਿ) ਗਏ ਹੋ ਜਾਂ ਲੇਟ ਹੋ ਗਏ ਹੋ
  • ਤੁਸੀਂ ਆਪਣਾ ਗਰਭਨਿਰੋਧਕ ਟੀਕਾ ਲੈਣ ਤੋਂ ਖੁੰਝ (ਰਹਿ) ਗਏ ਹੋ ਜਾਂ ਦੇਰ ਨਾਲ ਲਿਆ ਹੈ
  • ਜੇ ਤੁਸੀਂ ਜਣਨ ਸ਼ਕਤੀ ਜਾਗਰੁਕਤਾ ਵਿਧੀਆਂ ਦੀ ਵਰਤੋਂ ਕਰ ਰਹੇ ਹੋ, ਅਤੇ ਆਪਣੀ ਫਰਟਾਈਲ ਮਿਆਦ ਦੌਰਾਨ ਅਸੁਰੱਖਿਅਤ ਸੰਭੋਗ ਕੀਤਾ ਸੀ
  • ਜੇ ਤੁਹਾਡੀ ਵੈਜਾਈਨਲ ਰਿੰਗ (ਯੋਨੀ ਵਿੱਚ ਪਾਈ ਜਾਣ ਵਾਲੀ ਗਰਭਨਿਰੋਧਕ ਰਿੰਗ) ਨੂੰ ਬਹੁਤ ਲੰਬੇ ਸਮੇਂ ਤੱਕ ਬਾਹਰ ਕੱਢਿਆ ਗਿਆ ਸੀ

ਸੰਕਟਕਾਲੀਨ ਗਰਭ ਨਿਰੋਧਕ ਗੋਲੀ ਉਸ ਗਰਭ ਅਵਸਥਾ ਨੂੰ ਖਤਮ ਨਹੀਂ ਕਰੇਗੀ ਜੋ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

ਇਹ ਕਿਵੇਂ ਕੰਮ ਕਰਦਾ ਹੈ

ਇਹ ਕਿਵੇਂ ਕੰਮ ਕਰਦਾ ਹੈ?

ਮੌਰਨਿੰਗ ਆਫਟਰ ਪਿੱਲ ਓਵੂਲੇਸ਼ਨ (ਅੰਡਕੋਸ਼ ਤੋਂ ਅੰਡੇ ਨਿਕਲਣਾ) ਨੂੰ ਰੋਕ ਕੇ ਜਾਂ ਦੇਰ ਨਾਲ ਕਰਵਾਕੇ ਕੰਮ ਕਰਦੀ ਹੈ।

ਇਹ ਕਿੰਨੀ ਜਲਦੀ ਕੰਮ ਕਰਨਾ ਸ਼ੁਰੂ ਕਰਦਾ ਹੈ?

ਇਹ ਸਭ ਤੋਂ ਵੱਧ ਪ੍ਰਭਾਵਸ਼ਾਲੀ ਤਦੋਂ ਹੁੰਦੀ ਹੈ ਜਦੋਂ ਇਸਨੂੰ ਜਲਦ ਤੋਂ ਜਲਦ ਲਿਆ ਜਾਵੇ, ਤਰਜੀਹੀ ਤੌਰ 'ਤੇ ਅਸੁਰੱਖਿਅਤ ਸੰਭੋਗ ਕਰਨ ਦੇ 24 ਘੰਟਿਆਂ ਦੇ ਅੰਦਰ।

ਪ੍ਰਭਾਵਸ਼ੀਲਤਾ

ਇਹ ਗਰਭ ਅਵਸਥਾ ਨੂੰ ਰੋਕਣ ਵਿੱਚ ਕਿੰਨਾ ਪ੍ਰਭਾਵਸ਼ਾਲੀ ਹੈ?

85٪ ਪ੍ਰਭਾਵਸ਼ਾਲੀ।

UPA ਦੀ ਗੋਲੀ LNG ਦੀ ਗੋਲੀ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੈ।

ਸੰਪੂਰਨ ਵਰਤੋਂ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ?

  • ਅਸੁਰੱਖਿਅਤ ਸੰਭੋਗ ਦੇ ਬਾਅਦ ਜਿੰਨੀ ਜਲਦੀ ਹੋ ਸਕੇ ਮੌਰਨਿੰਗ ਆਫਟਰ ਪਿੱਲ ਲਓ।
  • ਓਵੂਲੇਸ਼ਨ ਹੋਣ ਤੋਂ ਪਹਿਲਾਂ ਮੌਰਨਿੰਗ ਆਫਟਰ ਪਿੱਲ ਲੈ ਲਓ
  • ਜੇ ਤੁਸੀਂ LNG ਗੋਲ਼ੀ ਦੀ ਵਰਤੋਂ ਕਰ ਰਹੇ ਹੋ, ਤਾਂ ਇਸਨੂੰ ਅਸੁਰੱਖਿਅਤ ਸੰਭੋਗ ਕਰਨ ਦੇ 3 ਦਿਨਾਂ (72 ਘੰਟੇ) ਦੇ ਅੰਦਰ ਲੈ ਲਓ।
  • ਜੇ ਤੁਸੀਂ UPA ਦੀ ਗੋਲੀ ਦੀ ਵਰਤੋਂ ਕਰ ਰਹੇ ਹੋ, ਤਾਂ ਇਸ ਨੂੰ ਅਸੁਰੱਖਿਅਤ ਸੰਭੋਗ ਕਰਨ ਦੇ 5 ਦਿਨਾਂ (120 ਘੰਟੇ) ਦੇ ਅੰਦਰ ਲੈ ਲਓ।

ਜੇ ਤੁਸੀਂ ਉਪਰੋਕਤ ਸ਼ਰਤਾਂ ਦੀ ਪੂਰਤੀ ਨਹੀਂ ਕਰ ਸਕਦੇ, ਤਾਂ ਕਾਪਰ IUD ਸੰਕਟਕਾਲੀਨ ਗਰਭ ਨਿਰੋਧਕ ਦੇ ਇੱਕ ਵਿਕਲਪਿਕ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਰੂਪ ਵਜੋਂ ਵਿਚਾਰਿਆ ਜਾ ਸਕਦਾ ਹੈ।

ਸਰੀਰ ਦੇ ਭਾਰ ਅਤੇ ਹੋਰ ਡਾਕਟਰੀ ਅਵਸਥਾਵਾਂ ਦੇ ਆਧਾਰ 'ਤੇ ਕੁਝ ਲੋਕਾਂ ਨੂੰ LNG ਗੋਲੀ ਦੀਆਂ 2 ਗੋਲ਼ੀਆਂ ਲੈਣ ਦੀ ਲੋੜ ਪੈ ਸਕਦੀ ਹੈ।

ਜੇ ਤੁਸੀਂ ਆਪਣੀ ਅਗਲੀ ਮਾਹਵਾਰੀ ਤੋਂ ਖੁੰਝ ਜਾਂਦੇ ਹੋ, ਜਾਂ ਅਸੁਰੱਖਿਅਤ ਸੰਭੋਗ ਦੇ 3 ਹਫਤਿਆਂ ਬਾਅਦ (ਜੇ ਤੁਹਾਡੀ ਮਾਹਵਾਰੀ ਅਨਿਯਮਿਤ ਹੈ) ਤੁਹਾਨੂੰ ਗਰਭਅਵਸਥਾ ਟੈਸਟ ਕਰਵਾਉਣਾ ਚਾਹੀਦਾ ਹੈ

ਇਹ ਪੁਸ਼ਟੀ ਕਰਨ ਲਈ ਕਿ ਤੁਸੀਂ ਗਰਭਵਤੀ ਨਹੀਂ ਹੋ।

ਮੌਰਨਿੰਗ ਆਫਟਰ ਪਿੱਲ ਭਵਿੱਖ ਦੇ ਅਸੁਰੱਖਿਅਤ ਸੈਕਸ ਤੋਂ ਨਹੀਂ ਬਚਾਉਂਦੀ, ਅਤੇ ਇਹ ਗਰਭ ਨਿਰੋਧਕ ਦਾ ਨਿਰੰਤਰ ਰੂਪ ਨਹੀਂ ਹੈ।

ਕੀ ਗਰਭ ਅਵਸਥਾ ਨੂੰ ਰੋਕਣ ਵਿੱਚ ਕੋਈ ਚੀਜ਼ ਇਸ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦੀ ਹੈ?

ਜੇ ਓਵੂਲੇਸ਼ਨ ਹੋਣ ਤੋਂ ਬਾਅਦ ਮੌਰਨਿੰਗ ਆਫਟਰ ਪਿੱਲ ਨੂੰ ਲਿਆ ਜਾਂਦਾ ਹੈ, ਤਾਂ ਇਹ ਗਰਭ ਅਵਸਥਾ ਦੇ ਜੋਖਮ ਨੂੰ ਘਟਾਉਣ ਲਈ ਕੰਮ ਨਹੀਂ ਕਰੇਗੀ। ਇਸ ਮਾਮਲੇ ਵਿੱਚ, ਕਾਪਰ IUD ਸੰਕਟਕਾਲੀਨ ਗਰਭ ਨਿਰੋਧਕ ਦੇ ਇੱਕ ਵਿਕਲਪਕ ਅਤੇ ਬਹੁਤ ਹੀ ਪ੍ਰਭਾਵਸ਼ਾਲੀ ਰੂਪ ਵਜੋਂ ਵਿਚਾਰਿਆ ਜਾ ਸਕਦਾ ਹੈ।

ਜੇਕਰ ਤੁਸੀਂ ਮੌਰਨਿੰਗ ਆਫਟਰ ਪਿੱਲ ਲੈਣ ਦੇ 2 ਤੋਂ 3 ਘੰਟਿਆਂ ਦੇ ਅੰਦਰ ਉਲਟੀ ਕਰਦੇ ਹੋ ਤਾਂ ਇਹ ਕੰਮ ਨਹੀਂ ਕਰ ਸਕਦੀ। ਜੇ ਅਜਿਹਾ ਵਾਪਰਦਾ ਹੈ, ਤਾਂ ਤੁਹਾਨੂੰ ਇਸਨੂੰ ਦੁਬਾਰਾ ਲੈਣ ਦੀ ਲੋੜ ਪਵੇਗੀ।

ਉੱਚ ਭਾਰ ਜਾਂ ਬਾਡੀ ਮਾਸ ਇੰਡੈਕਸ (BMI) ਮੌਰਨਿੰਗ ਆਫਟਰ ਪਿੱਲ, ਖ਼ਾਸਕਰ LNG ਗੋਲੀ ਦੀ ਪ੍ਰਭਾਵਸ਼ੀਲਤਾ ਨੂੰ ਘਟਾ ਸਕਦਾ ਹੈ। ਇਨ੍ਹਾਂ ਮਾਮਲਿਆਂ ਵਿੱਚ, LNG ਗੋਲੀ ਦੀ ਉੱਚ ਖੁਰਾਕ ਦੀ ਜ਼ਰੂਰਤ ਹੋ ਸਕਦੀ ਹੈ।

ਜੇ ਤੁਸੀਂ ਪਹਿਲਾਂ ਹੀ UPA ਦੀ ਗੋਲੀ ਲੈ ਚੁੱਕੇ ਹੋ, ਤਾਂ ਤੁਹਾਨੂੰ ਅਗਲੇ 5 ਦਿਨਾਂ ਵਿੱਚ LNG ਦੀ ਗੋਲੀ ਨਹੀਂ ਲੈਣੀ ਚਾਹੀਦੀ। ਜੇ ਤੁਸੀਂ ਪਹਿਲਾਂ ਹੀ LNG ਦੀ ਗੋਲੀ ਲੈ ਚੁੱਕੇ ਹੋ, ਤਾਂ UPA ਦੀ ਗੋਲੀ ਅਗਲੇ 7 ਦਿਨਾਂ ਲਈ ਘੱਟ ਪ੍ਰਭਾਵਸ਼ਾਲੀ ਹੋ ਸਕਦੀ ਹੈ।

ਕੀ ਇਹ ਜਿਨਸੀ ਤੌਰ 'ਤੇ ਫੈਲਣ ਵਾਲੀਆਂ ਲਾਗਾਂ (STIs) ਤੋਂ ਰੱਖਿਆ ਕਰਦਾ ਹੈ?

ਨਹੀਂ

ਸਿਰਫ ਅੰਦਰੂਨੀ ਅਤੇ ਬਾਹਰੀ ਕੰਡੋਮ ਹੀ STI ਤੋਂ ਬਚਾਉਣ ਵਾਲੇ ਗਰਭ ਨਿਰੋਧਕ ਹਨ।

ਵਰਤੋਂ ਅਤੇ ਵਿਚਾਰ

ਇਸ ਨੂੰ ਕਿੰਨ੍ਹੀ ਕੁ ਵਕਫੇ ਬਾਅਦ ਵਰਤਣ ਜਾਂ ਬਦਲਣ ਦੀ ਲੋੜ ਹੁੰਦੀ ਹੈ?

ਜ਼ਿਆਦਾਤਰ ਮਾਮਲਿਆਂ ਵਿੱਚ, ਇਸ ਨੂੰ ਅਸੁਰੱਖਿਅਤ ਸੰਭੋਗ ਦੇ ਬਾਅਦ ਕੇਵਲ ਇੱਕ ਵਾਰ ਲੈਣ ਦੀ ਲੋੜ ਹੁੰਦੀ ਹੈ।

ਕੀ ਕੋਈ ਇਹ ਪਤਾ ਲਗਾ ਸਕੇਗਾ ਕਿ ਮੈਂ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰ ਰਹੀ ਹਾਂ?

ਮੌਰਨਿੰਗ ਆਫਟਰ ਪਿੱਲ ਦੀ ਵਰਤੋਂ ਗੁਪਤ ਰੂਪ ਵਿੱਚ ਕਰਨਾ ਸੰਭਵ ਹੈ।

ਹਾਲਾਂਕਿ, ਇਹ ਸੰਭਵ ਹੈ ਕਿ ਕੋਈ ਗੋਲੀ ਦੇ ਪੈਕਟ ਨੂੰ ਵੇਖ ਸਕਦਾ ਹੈ।

ਸੁਰੱਖਿਆ ਅਤੇ ਮਾੜੇ ਪ੍ਰਭਾਵ

ਕੀ ਇਸ ਦੇ ਕੋਈ ਮਾੜੇ ਪ੍ਰਭਾਵ ਹਨ?

ਕੁਝ ਕੁ ਲੋਕਾਂ ਨੂੰ ਹਲਕੇ, ਥੋੜ੍ਹੀ-ਮਿਆਦ ਦੇ ਮਾੜੇ ਪ੍ਰਭਾਵਾਂ ਦਾ ਤਜ਼ਰਬਾ ਹੋ ਸਕਦਾ ਹੈ।

ਕੁਝ ਸੰਭਾਵੀ ਮਾੜੇ ਪ੍ਰਭਾਵਾਂ ਵਿੱਚ ਇਹ ਸ਼ਾਮਲ ਹਨ:

  • ਮਤਲੀ
  • ਸਿਰ ਦਰਦ
  • ਛਾਤੀ ਵਿੱਚ ਦਰਦ

ਤੁਹਾਡੀ ਮਾਹਵਾਰੀ ਕਦੋਂ ਵਾਪਰਦੀ ਹੈ ਇਸ ਵਿੱਚ ਕੋਈ ਅਸਥਾਈ ਤਬਦੀਲੀ ਹੋ ਸਕਦੀ ਹੈ। ਇਹ ਆਮ ਨਾਲੋਂ ਪਹਿਲਾਂ ਜਾਂ ਬਾਅਦ ਵਿੱਚ ਹੋ ਸਕਦੀ ਹੈ। ਜੇ ਤੁਹਾਡੇ ਖੂਨ ਵਗਣ ਦੇ ਪੈਟਰਨ ਬਾਰੇ ਕੋਈ ਸ਼ੰਕੇ ਹਨ, ਤਾਂ ਗਰਭਅਵਸਥਾ ਟੈਸਟ ਕਰਵਾਉਣਾ ਮਹੱਤਵਪੂਰਨ ਹੈ।

ਜੇ ਤੁਸੀਂ ਪਹਿਲਾਂ ਹੀ ਗਰਭਵਤੀ ਹੋ ਤਾਂ ਮੌਰਨਿੰਗ ਆਫਟਰ ਪਿੱਲ ਗਰਭਅਵਸਥਾ ਨੂੰ ਨੁਕਸਾਨ ਨਹੀਂ ਪਹੁੰਚਾਏਗੀ।

ਕੀ ਕੋਈ ਅਜਿਹੀਆਂ ਸਿਹਤ ਅਵਸਥਾਵਾਂ ਜਾਂ ਜੀਵਨਸ਼ੈਲੀ ਕਾਰਕ ਹਨ ਜੋ ਮੈਨੂੰ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ?

ਕੁਝ ਆਮ ਸਿਹਤ ਅਵਸਥਾਵਾਂ ਅਤੇ ਜੀਵਨਸ਼ੈਲੀ ਕਾਰਕ ਜੋ ਤੁਹਾਨੂੰ ਮੌਰਨਿੰਗ ਆਫਟਰ ਪਿੱਲ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ, ਉਹਨਾਂ ਵਿੱਚ ਸ਼ਾਮਲ ਹਨ:

  • ਜਿਗਰ ਦੇ ਪਾਚਕ ਪੈਦਾ ਕਰਨ ਵਾਲੀਆਂ ਦਵਾਈਆਂ ਲੈਣਾ
  • ਬਕਾਇਦਾ ਕੋਰਟੀਕੋਸਟੀਰੋਇਡ ਦਵਾਈ ਲੈਣਾ, ਉਦਾਹਰਨ ਲਈ, ਤੀਬਰ ਦਮੇਂ ਜਾਂ ਸਵੈ-ਪ੍ਰਤੀਰੋਧਕ ਅਵਸਥਾਵਾਂ ਵਾਸਤੇ (ਕੇਵਲ UPA ਗੋਲ਼ੀ)
  • ਪਿਛਲੇ 7 ਦਿਨਾਂ ਵਿੱਚ ਹਾਰਮੋਨਲ ਗਰਭਨਿਰੋਧਕ ਲੈਣਾ, ਜਾਂ ਅਗਲੇ 5 ਦਿਨਾਂ ਵਿੱਚ ਹਾਰਮੋਨਲ ਗਰਭਨਿਰੋਧਕ ਸ਼ੁਰੂ ਕਰਨ ਦੀ ਯੋਜਨਾ ਬਣਾਉਣਾ (ਕੇਵਲ UPA ਗੋਲੀ)

ਇਹ ਫੈਸਲਾ ਕਰਦੇ ਸਮੇਂ ਕਿ ਮੌਰਨਿੰਗ ਆਫਟਰ ਪਿੱਲ ਤੁਹਾਡੇ ਲਈ ਢੁਕਵੀਂ ਹੈ ਜਾਂ ਨਹੀਂ, ਕਿਸੇ ਫਾਰਮਾਸਿਸਟ (ਜਾਂ ਹੋਰ ਸਿਹਤ-ਸੰਭਾਲ ਪੇਸ਼ੇਵਰ) ਨਾਲ ਆਪਣੇ ਡਾਕਟਰੀ ਇਤਿਹਾਸ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ।

ਪਹੁੰਚ ਅਤੇ ਲਾਗਤ

ਮੈਂ ਇਸ ਤੱਕ ਕਿਵੇਂ ਪਹੁੰਚ ਕਰਾਂ?

ਮੌਰਨਿੰਗ ਆਫਟਰ ਪਿੱਲ ਫਾਰਮੇਸੀਆਂ ਦੇ ਕਾਊਂਟਰ 'ਤੇ ਉਪਲਬਧ ਹੁੰਦੀ ਹੈ। ਤੁਹਾਨੂੰ ਕਿਸੇ ਡਾਕਟਰੀ ਨੁਸਖੇ ਦੀ ਲੋੜ ਨਹੀਂ ਹੈ।

ਇਹ ਕੁਝ ਔਨਲਾਈਨ ਫਾਰਮੇਸੀਆਂ 'ਤੇ ਉਪਲਬਧ ਹੋ ਸਕਦੀ ਹੈ, ਪਰ ਤੁਹਾਨੂੰ ਇੱਕ ਪ੍ਰਸ਼ਨਾਵਲੀ ਭਰਨ ਜਾਂ ਕਿਸੇ ਫਾਰਮਾਸਿਸਟ ਨਾਲ ਫ਼ੋਨ ਜਾਂ ਚੈਟ 'ਤੇ ਗੱਲ ਕਰਨ ਦੀ ਲੋੜ ਪੈ ਸਕਦੀ ਹੈ।

ਮੈਨੂੰ ਕਿਹੜੇ ਖਰਚਿਆਂ 'ਤੇ ਵਿਚਾਰ ਕਰਨ ਦੀ ਲੋੜ ਹੈ?

ਕੀਮਤ ਕਿਸਮਾਂ ਅਤੇ ਬ੍ਰਾਂਡਾਂ ਦੇ ਵਿਚਕਾਰ ਵੱਖਰੀ ਹੁੰਦੀ ਹੈ, ਪਰ ਪ੍ਰਤੀ ਖੁਰਾਕ ਲਗਭਗ $15-50 ਦੀ ਕੀਮਤ ਹੈ।

ਉਪਜਾਊ ਸ਼ਕਤੀ ਅਤੇ ਭਵਿੱਖ ਦੀ ਯੋਜਨਾਬੰਦੀ

ਕੀ ਇਹ ਮੇਰੀ ਭਵਿੱਖ ਦੀ ਜਣਨ ਸ਼ਕਤੀ ਨੂੰ ਪ੍ਰਭਾਵਤ ਕਰੇਗਾ?

ਨਹੀਂ, ਮੌਰਨਿੰਗ ਆਫਟਰ ਪਿੱਲ ਦਾ ਲੰਮੇ ਸਮੇਂ ਦੀ ਜਣਨ ਸ਼ਕਤੀ 'ਤੇ ਕੋਈ ਪ੍ਰਭਾਵ ਨਹੀਂ ਪੈਂਦਾਹੈ, ਭਾਵੇਂ ਇਸਨੂੰ ਕਈ ਵਾਰ ਲਿਆ ਜਾਵੇ।

ਕੀ ਮੈਂ ਬੱਚਾ ਪੈਦਾ ਕਰਨ ਤੋਂ ਬਾਅਦ ਇਸ ਕਿਸਮ ਦੇ ਗਰਭ ਨਿਰੋਧਕ ਦੀ ਵਰਤੋਂ ਕਰ ਸਕਦੀ ਹਾਂ?

ਤੁਸੀਂ ਬੱਚੇ ਦੇ ਜਨਮ ਤੋਂ 21 ਦਿਨਾਂ ਬਾਅਦ ਮੌਰਨਿੰਗ ਆਫਟਰ ਪਿੱਲ ਦੀ ਵਰਤੋਂ ਕਰ ਸਕਦੇ ਹੋ। ਪਰ, ਜੇ ਤੁਹਾਡਾ ਬੱਚਾ 6 ਮਹੀਨਿਆਂ ਤੋਂ ਘੱਟ ਉਮਰ ਦਾ ਹੈ, ਤਾਂ ਤੁਸੀਂ ਲੈਕਟੇਸ਼ਨਲ ਐਮੇਨੋਰੀਆ ਵਿਧੀ (LAM) ਲਈ 3 ਸ਼ਰਤਾਂ ਦੀ ਪੂਰਤੀ ਕਰ ਸਕਦੇ ਹੋਅਤੇ ਗਰਭਅਵਸਥਾ ਤੋਂ ਸੁਰੱਖਿਅਤ ਰਹਿ ਸਕਦੇ ਹੋ।

ਜੇ ਤੁਸੀਂ ਬੱਚੇ ਦੇ ਜਨਮ ਤੋਂ 21 ਦਿਨਾਂ ਤੋਂ ਘੱਟ ਸਮੇਂ ਵਿੱਚ ਅਸੁਰੱਖਿਅਤ ਸੰਭੋਗ ਕਰਦੇ ਹੋ ਤਾਂ ਮੌਰਨਿੰਗ ਆਫਟਰ ਪਿੱਲ ਦੀ ਜ਼ਰੂਰਤ ਨਹੀਂ ਹੈ।

ਇਹ ਸਾਧਨ ਗਰਭ ਨਿਰੋਧਕ ਬਾਰੇ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਡਾਕਟਰੀ ਸਲਾਹ ਦੀ ਥਾਂ ਨਹੀਂ ਲੈਂਦਾ ਹੈ। ਆਪਣੀਆਂ ਵਿਅਕਤੀਗਤ ਜ਼ਰੂਰਤਾਂ ਮੁਤਾਬਕ ਸਲਾਹ ਲਈ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ। ਇਸ ਟੂਲ ਦੀ ਵਰਤੋਂ ਕਰਕੇ, ਤੁਸੀਂ ਸਾਡੀ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੋ। ਇਹ ਜਾਣੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਕਰਦੇ ਅਤੇ ਸੁਰੱਖਿਅਤ ਰੱਖਦੇ ਹਾਂ। ਤੁਸੀਂ ਸਾਡੀ ਬਾਲ-ਅਨੁਕੂਲ ਸੰਗ੍ਰਹਿ ਨੀਤੀ ਵੀ ਪੜ੍ਹ ਸਕਦੇ ਹੋ।

ਪਿਛਲੀ ਵਾਰ ਸਮੀਖਿਆ ਕੀਤੀ ਗਈ: ਅਗਸਤ 2026