ਅਕਸਰ ਪੁੱਛੇ ਜਾਂਦੇ ਸਵਾਲ
ਗਰਭ ਨਿਰੋਧਕ ਵਿਕਲਪ ਲੱਭਣ ਦੇ ਸਾਧਨ ਬਾਰੇ
ਗਰਭ ਨਿਰੋਧਕ ਵਿਕਲਪ ਲੱਭਣ ਦਾ ਸਾਧਨ ਇੱਕ ਮੁਫਤ, ਔਨਲਾਈਨ ਟੂਲ ਹੈ ਜੋ ਤੁਹਾਨੂੰ ਗਰਭ ਨਿਰੋਧਕ ਬਾਰੇ ਸਿੱਖਣ ਅਤੇ ਇਹ ਲੱਭਣ ਵਿੱਚ ਮਦਦ ਕਰਦਾ ਹੈ ਕਿ ਤੁਹਾਡੇ ਲਈ, ਜਾਂ ਕਿਸੇ ਅਜਿਹੇ ਵਿਅਕਤੀ ਜਿਸਦੀ ਤੁਸੀਂ ਪਰਵਾਹ ਕਰਦੇ ਹੋ, ਉਸਦੇ ਲਈ ਕੀ ਸਭ ਤੋਂ ਵਧੀਆ ਕੰਮ ਕਰ ਸਕਦਾ ਹੈ। ਇਹ ਸਪੱਸ਼ਟ, ਸਬੂਤ-ਅਧਾਰਤ ਅਤੇ ਭਰੋਸੇਮੰਦ ਜਾਣਕਾਰੀ ਦਿੰਦਾ ਹੈ।
ਤੁਸੀਂ ਟੂਲ ਨੂੰ ਦੋ ਤਰੀਕਿਆਂ ਨਾਲ ਵਰਤ ਸਕਦੇ ਹੋ:
- ਪੰਜ-ਮਿੰਟ ਦੇ ਕਵਿਜ਼ ਨੂੰ ਪੂਰਾ ਕਰੋ ਜਿੱਥੇ ਤੁਹਾਨੂੰ ਤੁਹਾਡੀਆਂ ਜ਼ਰੂਰਤਾਂ ਅਤੇ ਤਰਜੀਹਾਂ ਬਾਰੇ ਕੁਝ ਸਧਾਰਨ ਪ੍ਰਸ਼ਨਾਂ ਦੁਆਰਾ ਸੇਧ ਦਿੱਤੀ ਜਾਵੇਗੀ। ਤੁਹਾਡੇ ਜਵਾਬਾਂ ਦੇ ਅਧਾਰ ਤੇ, ਟੂਲ ਤੁਹਾਨੂੰ ਪੜਚੋਲ ਅਤੇ ਤੁਲਨਾ ਕਰਨ ਲਈ ਵੱਖੋ-ਵੱਖਰੇ ਗਰਭ ਨਿਰੋਧਕ ਵਿਕਲਪ ਦਿਖਾਏਗਾ।
- ਤੁਲਨਾ ਵਿਸ਼ੇਸ਼ਤਾ (comparison feature) ਦੀ ਵਰਤੋਂ ਕਰੋ ਜੋ ਤੁਹਾਨੂੰ ਤੁਹਾਡੇ ਲਈ ਸਭ ਤੋਂ ਮਹੱਤਵਪੂਰਣ ਚੀਜ਼ਾਂ ਦੇ ਅਧਾਰ ਤੇ, ਵੱਖੋ ਵੱਖਰੇ ਗਰਭ ਨਿਰੋਧਕ ਵਿਕਲਪਾਂ ਦੀ ਪੜਚੋਲ ਕਰਨ ਅਤੇ ਤੁਲਨਾ ਕਰਨ ਦਿੰਦੀ ਹੈ।
ਟੂਲ ਸ਼ੁਰੂਆਤ ਕਰਨ ਲਈ ਚੰਗੀ ਜਗ੍ਹਾ ਹੈ ਪਰ ਇਹ ਡਾਕਟਰੀ ਸਲਾਹ ਦੀ ਥਾਂ ਨਹੀਂ ਲੈਂਦਾ ਹੈ। ਤੁਸੀਂ ਟੂਲ ਤੋਂ ਜੋ ਕੁੱਝ ਵੀ ਸਿੱਖਦੇ ਹੋ, ਤੁਹਾਨੂੰ ਉਸ ਬਾਰੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰਨੀ ਚਾਹੀਦੀ ਹੈ, ਤਾਂ ਜੋ ਤੁਸੀਂ ਆਪਣੇ ਲਈ ਸਹੀ ਵਿਕਲਪ ਚੁਣ ਸਕੋ।
ਗਰਭ ਨਿਰੋਧਕ ਵਿਕਲਪ ਲੱਭਣ ਦੇ ਸਾਧਨ ਦੀ ਵਰਤੋਂ ਸਾਰੇ ਲਿੰਗ ਅਤੇ ਜੇਂਡਰ ਵਾਲੇ ਉਹ ਲੋਕ ਕਰ ਸਕਦੇ ਹਨ ਜੋ ਗਰਭ ਨਿਰੋਧਕ ਬਾਰੇ ਸਿੱਖਣਾ ਅਤੇ ਆਪਣੇ ਵਿਕਲਪਾਂ ਦੀ ਪੜਚੋਲ ਕਰਨਾ ਚਾਹੁੰਦੇ ਹਨ।
ਜੇ ਤੁਸੀਂ ਗਰਭ ਨਿਰੋਧਕ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਆਪਣੀ ਵਰਤੋਂ ਦੇ ਗਰਭ ਨਿਰੋਧਕ ਨੂੰ ਬਦਲਣਾ ਚਾਹੁੰਦੇ ਹੋ, ਜਾਂ ਕਿਸੇ ਸਾਥੀ ਜਾਂ ਕਿਸੇ ਹੋਰ ਨੂੰ ਉਨ੍ਹਾਂ ਦੇ ਵਿਕਲਪਾਂ ਬਾਰੇ ਸਿੱਖਣ ਵਿੱਚ ਸਹਾਇਤਾ ਕਰ ਰਹੇ ਹੋ ਤਾਂ ਤੁਸੀਂ ਟੂਲ ਦੀ ਵਰਤੋਂ ਕਰ ਸਕਦੇ ਹੋ।
ਜੇਕਰ ਤੁਹਾਡੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਤੁਸੀਂ ਇਸ ਸਾਧਨ ਦੀ ਵਰਤੋਂ ਖੁਦ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਕਰ ਸਕਦੇ ਹੋ ਜਿਸ 'ਤੇ ਤੁਸੀਂ ਭਰੋਸਾ ਕਰਦੇ ਹੋ। ਜੇ ਤੁਸੀਂ ਸਹਾਇਤਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਕੋਈ ਬਾਲਗ ਨਹੀਂ ਹੈ ਜਿਸ ਨਾਲ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਸੀਂ ਕਿਸੇ ਜੀਪੀ ਜਾਂ ਜਿਨਸੀ ਸਿਹਤ ਕਲੀਨਿਕ ਵਿਖੇ ਜਾ ਸਕਦੇ ਹੋ। ਵਿਕਲਪਕ ਤੌਰ 'ਤੇ, ਤੁਸੀਂ ਗਰਭ ਨਿਰੋਧਕ ਅਤੇ ਕਿਸੇ ਹੋਰ ਮੁੱਦਿਆਂ ਬਾਰੇ ਆਮ ਸਹਾਇਤਾ ਅਤੇ ਸਲਾਹ ਵਾਸਤੇ ਕਿਡਜ਼ ਹੈਲਪਲਾਈਨ ਨੂੰ 1800 55 1800 'ਤੇ ਕਾਲ ਕਰ ਸਕਦੇ ਹੋ। ਇਹ ਮੁਫ਼ਤ ਹੈ, ਅਤੇ ਤੁਹਾਡੀ ਗੱਲਬਾਤ ਨੂੰ ਨਿੱਜੀ ਰੱਖਿਆ ਜਾਂਦਾ ਹੈ (ਇਸਦਾ ਅਰਥ ਹੈ ਇਹ ਸਿਰਫ ਤੁਹਾਡੇ ਅਤੇ ਉਨ੍ਹਾਂ ਦੇ ਵਿਚਕਾਰ ਹੀ ਰਹਿੰਦੀ ਹੈ)। ਤੁਸੀਂ ਉਨ੍ਹਾਂ ਦੀ ਵੈੱਬਸਾਈਟ 'ਤੇ ਵੀ ਜਾ ਸਕਦੇ ਹੋ: https://kidshelpline.com.au/ਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ
ਗਰਭ ਨਿਰੋਧਕ ਵਿਕਲਪ ਲੱਭਣ ਦਾ ਸਾਧਨ ਆਸਟ੍ਰੇਲੀਆਈ ਸਰਕਾਰ ਦੇ ਸਿਹਤ, ਅਪੰਗਤਾ ਅਤੇ ਬੁਢਾਪਾ ਵਿਭਾਗ (Department of Health, Disability and Ageing) ਦੁਆਰਾ ਹੈਲਥਡਾਇਰੈਕਟ ਆਸਟ੍ਰੇਲੀਆ ਨਾਲ ਸਾਂਝੇਦਾਰੀ ਵਿੱਚ ਵਿਕਸਤ ਕੀਤਾ ਗਿਆ ਸੀ। ਟੂਲ ਨੂੰ ਉਹਨਾਂ ਲੋਕਾਂ ਨਾਲ ਸਲਾਹ ਅਤੇ ਜਾਂਚ ਦੁਆਰਾ ਤਿਆਰ ਕੀਤਾ ਦਿੱਤਾ ਗਿਆ ਸੀ ਜਿਨ੍ਹਾਂ ਕੋਲ ਗਰਭ ਨਿਰੋਧਕ ਦੀ ਵਰਤੋਂ ਕਰਨ ਜਾਂ ਗਰਭ ਨਿਰੋਧਕ ਵਿਕਲਪਾਂ ਦੀ ਪੜਚੋਲ ਕਰਨ ਦਾ ਅਸਲ ਅਨੁਭਵ ਹੈ। ਇਸ ਵਿੱਚ ਜੀਪੀ, ਮਾਹਰ, ਨਰਸਾਂ ਅਤੇ ਹੋਰ ਜਿਨਸੀ ਸਿਹਤ ਕਲੀਨੀਸ਼ੀਅਨ ਸ਼ਾਮਲ ਸਨ।
ਤੁਹਾਡੀ ਗੋਪਨੀਯਤਾ ਮਹੱਤਵਪੂਰਨ ਹੈ। ਗਰਭ ਨਿਰੋਧਕ ਲੱਭਣ ਦੇ ਸਾਧਨ ਵਿਚ ਤੁਹਾਡੀ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਸਟੋਰ ਨਹੀਂ ਕੀਤਾ ਜਾਂਦਾ ਹੈ।
ਤੁਹਾਨੂੰ ਟੂਲ ਦੀ ਵਰਤੋਂ ਕਰਨ ਜਾਂ ਆਪਣੇ ਨਤੀਜੇ ਵੇਖਣ ਲਈ ਤੁਹਾਡਾ ਨਾਮ, ਈਮੇਲ ਜਾਂ ਸੰਪਰਕ ਵੇਰਵੇ ਨਹੀਂ ਪੁੱਛੇ ਜਾਣਗੇ। ਇੱਕ ਵਾਰ ਜਦੋਂ ਤੁਸੀਂ ਟੂਲ ਛੱਡਦੇ ਹੋ ਤਾਂ ਤੁਹਾਡੇ ਜਵਾਬ ਸੁਰੱਖਿਅਤ ਜਾਂ ਸਾਂਝੇ ਨਹੀਂ ਕੀਤੇ ਜਾਣਗੇ।
ਹੈਲਥਡਾਇਰੈਕਟ ਆਸਟ੍ਰੇਲੀਆ ਦੀ ਗੋਪਨੀਯਤਾ ਨੀਤੀ ਬਾਰੇ ਵਧੇਰੇ ਜਾਣਕਾਰੀ ਇੱਥੇ ਮਿਲ ਸਕਦੀ ਹੈ।
ਜੇ ਤੁਹਾਡੇ ਕੋਲ ਫੀਡਬੈਕ ਹੈ ਜਾਂ ਗਰਭ ਨਿਰੋਧਕ ਵਿਕਲਪ ਲੱਭਣ ਦੇ ਸਾਧਨ ਨਾਲ ਕੋਈ ਸਮੱਸਿਆ ਦਾ ਅਨੁਭਵ ਕਰਦੇ ਹੋ, ਤਾਂ ਤੁਸੀਂ ਹੈਲਥਡਾਇਰੈਕਟ ਆਸਟ੍ਰੇਲੀਆ ਨਾਲ ਸੰਪਰਕ ਕਰ ਸਕਦੇ ਹੋ।
ਅਸੀਂ ਟੂਲ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਇਹ ਹਰ ਕਿਸੇ ਲਈ ਵਧੀਆ ਕੰਮ ਕਰਦਾ ਹੈ, ਤੁਹਾਡੇ ਫੀਡਬੈਕ ਦਾ ਸਵਾਗਤ ਕਰਦੇ ਹਾਂ।
ਗਰਭ ਨਿਰੋਧਕ ਬਾਰੇ
ਗਰਭ ਨਿਰੋਧਕ ਉਹ ਚੀਜ਼ ਹੈ ਜੋ ਤੁਸੀਂ ਗਰਭ ਅਵਸਥਾ ਨੂੰ ਰੋਕਣ ਲਈ ਵਰਤਦੇ ਹੋ। ਇੱਥੇ ਵੱਖ-ਵੱਖ ਕਿਸਮਾਂ ਦੇ ਗਰਭ ਨਿਰੋਧਕ ਹਨ, ਜਿਸ ਵਿੱਚ ਐਮਰਜੈਂਸੀ ਗਰਭ ਨਿਰੋਧਕ, ਥੋੜ੍ਹੇ ਸਮੇਂ ਤੱਕ ਕੰਮ ਕਰਨ ਦੇ ਤਰੀਕੇ, ਲੰਮੇ ਸਮੇਂ ਤੱਕ ਕੰਮ ਕਰਨ ਦੇ ਤਰੀਕੇ, ਰੁਕਾਵਟ ਦੇ ਤਰੀਕੇ, ਸਥਾਈ ਤਰੀਕੇ ਅਤੇ ਵਿਵਹਾਰਕ ਤਰੀਕੇ ਸ਼ਾਮਲ ਹਨ। ਇਸ ਟੂਲ ਵਿੱਚ ਆਸਟ੍ਰੇਲੀਆ ਵਿੱਚ ਉਪਲਬਧ ਸਾਰੀਆਂ ਕਿਸਮਾਂ ਦੇ ਗਰਭ ਨਿਰੋਧਕ ਬਾਰੇ ਜਾਣਕਾਰੀ ਸ਼ਾਮਲ ਹੈ।
ਗਰਭ ਨਿਰੋਧਕ ਦੇ ਹੋਰ ਲਾਭ ਵੀ ਹੋ ਸਕਦੇ ਹਨ, ਜਿਵੇਂ ਕਿ ਜਿਨਸੀ ਸੰਚਾਰਿਤ ਲਾਗਾਂ (ਐਸਟੀਆਈ) ਤੋਂ ਬਚਾਅ ਅਤੇ ਕੁਝ ਸਿਹਤ ਲੱਛਣਾਂ ਦਾ ਪ੍ਰਬੰਧਨ। ਇਸ ਟੂਲ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ ਕਿ ਮਾਹਵਾਰੀ ਦੇ ਦਰਦ, ਮਾਹਵਾਰੀ ਦੌਰਾਨ ਭਾਰੀ ਖੂਨ ਵਹਿਣਾ, ਅਨਿਯਮਿਤ ਮਾਹਵਾਰੀ , ਬਹੁਤ ਜ਼ਿਆਦਾ ਵਾਲਾਂ ਦਾ ਵਾਧਾ ਅਤੇ ਮੁਹਾਸੇ ਵਰਗੇ ਲੱਛਣਾਂ ਦੇ ਪ੍ਰਬੰਧਨ ਲਈ ਕਿਹੜੀਆਂ ਕਿਸਮਾਂ ਦੇ ਗਰਭ ਨਿਰੋਧਕ ਵਰਤੇ ਜਾ ਸਕਦੇ ਹਨ।
ਗੁੰਝਲਦਾਰ ਸਿਹਤ ਪੇਸ਼ਕਾਰੀਆਂ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਗਰਭ ਨਿਰੋਧਕ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਐਂਡੋਮੈਟ੍ਰਿਓਸਿਸ, ਐਡੀਨੋਮਾਇਓਸਿਸ, ਪੌਲੀਐਂਡੋਕਰੀਨ ਮੈਟਾਬੋਲਿਕ ਓਵਰੀ ਸਿੰਡਰੋਮ (ਜਿਸਨੂੰ ਪਹਿਲਾਂ ਪੌਲੀਸਿਸਟਿਕ ਓਵਰੀ ਸਿੰਡਰੋਮ ਕਿਹਾ ਜਾਂਦਾ ਸੀ), ਪੇਰੀਮੇਨੋਪੌਜ਼, ਅਨੀਮੀਆ, ਪ੍ਰੀਮੇਨਸਟ੍ਰੂਅਲ ਸਿੰਡਰੋਮ, ਪ੍ਰੀਮੇਨਸਟ੍ਰੂਅਲ ਡਿਸਫੋਰਿਕ ਡਿਸਆਰਡਰ ਅਤੇ ਪੁਰਾਣੀ ਪੇਡੂ ਦਰਦ ਸ਼ਾਮਲ ਹੋ ਸਕਦੇ ਹਨ। ਜੇ ਤੁਸੀਂ ਇਹਨਾਂ ਵਿੱਚੋਂ ਕਿਸੇ ਇੱਕ ਚਿੰਤਾ ਲਈ ਗਰਭ ਨਿਰੋਧਕ ਦੀ ਵਰਤੋਂ ਦੀ ਪੜਚੋਲ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਆਪਣੇ ਸਿਹਤ ਸੰਭਾਲ ਪੇਸ਼ੇਵਰ ਨਾਲ ਚਰਚਾ ਕਰਨਾ ਮਹੱਤਵਪੂਰਨ ਹੋਵੇਗਾ। ਇਹ ਇਸ ਲਈ ਹੈ ਕਿਉਂਕਿ ਗਰਭ ਨਿਰੋਧਕ ਦੀ ਵਰਤੋਂ ਅਕਸਰ ਤੁਹਾਡੀ ਵਿਆਪਕ ਪ੍ਰਬੰਧਨ ਯੋਜਨਾ ਦਾ ਸਿਰਫ ਇੱਕ ਹਿੱਸਾ ਹੁੰਦੀ ਹੈ।
ਜੇ ਤੁਸੀਂ ਕਿਸੇ ਦਵਾਈ ਜਾਂ ਮੈਡੀਕਲ ਉਪਕਰਣ ਵਾਲੇ ਗਰਭ ਨਿਰੋਧਕ ਦੀ ਚੋਣ ਕਰਦੇ ਹੋ, ਤਾਂ ਤੁਸੀਂ ਅਧਿਕਾਰਤ ਉਤਪਾਦ ਪਰਚੇ ਵਿਚ ਖਾਸ ਬ੍ਰਾਂਡਾਂ ਜਾਂ ਉਤਪਾਦਾਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਦਵਾਈਆਂ ਲਈ, ਇਸ ਨੂੰ ਖਪਤਕਾਰ ਦਵਾਈ ਜਾਣਕਾਰੀ (CMI) ਪਰਚਾ ਕਿਹਾ ਜਾਂਦਾ ਹੈ। ਮੈਡੀਕਲ ਉਪਕਰਣਾਂ ਲਈ ਇਸ ਨੂੰ ਮਰੀਜ਼ ਦੀ ਜਾਣਕਾਰੀ ਦਾ ਪਰਚਾ ਕਿਹਾ ਜਾਂਦਾ ਹੈ। ਇਹ ਪਰਚੇ ਉਤਪਾਦ ਕਿਵੇਂ ਕੰਮ ਕਰਦਾ ਹੈ, ਇਸਦੀ ਵਰਤੋਂ ਕਿਵੇਂ ਕਰਨੀ ਹੈ, ਇਸਦੇ ਸੰਭਾਵਿਤ ਮਾੜੇ ਪ੍ਰਭਾਵ ਕੀ ਹਨ, ਅਤੇ ਹੋਰ ਮਹੱਤਵਪੂਰਨ ਜਾਣਕਾਰੀ ਬਾਰੇ ਦੱਸਦੇ ਹਨ।
ਤੁਹਾਡਾ ਸਿਹਤ ਸੰਭਾਲ ਪੇਸ਼ੇਵਰ ਤੁਹਾਨੂੰ ਤੁਹਾਡੇ ਖਾਸ ਉਤਪਾਦ ਲਈ ਪਰਚਾ ਦੇ ਸਕਦਾ ਹੈ ਅਤੇ ਤੁਹਾਡੇ ਕਿਸੇ ਵੀ ਸਵਾਲ ਦੇ ਜਵਾਬ ਦੇ ਸਕਦਾ ਹੈ। ਤੁਸੀਂ ਇੱਥੇਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ CMI ਪਰਚੇ ਵੀ ਔਨਲਾਈਨ ਐਕਸੈਸ ਕਰ ਸਕਦੇ ਹੋ।
ਹਾਰਮੋਨਲ ਗਰਭ ਨਿਰੋਧਕ ਗਰਭ ਅਵਸਥਾ ਨੂੰ ਰੋਕਣ ਲਈ ਹਾਰਮੋਨਸ ਐਸਟ੍ਰੋਜਨ ਅਤੇ/ਜਾਂ ਪ੍ਰੋਜੈਸਟੋਜਨ ਦੀ ਵਰਤੋਂ ਕਰਦਾ ਹੈ। ਹਾਰਮੋਨਲ ਗਰਭ ਨਿਰੋਧਕ ਦੀਆਂ ਕਈ ਕਿਸਮਾਂ ਹਨ, ਹਰੇਕ ਵਿੱਚ ਵੱਖ-ਵੱਖ ਕਿਸਮਾਂ ਅਤੇ ਹਾਰਮੋਨ ਦੀ ਮਾਤਰਾ ਹੁੰਦੀ ਹੈ।
ਬਹੁਤ ਸਾਰੇ ਲੋਕਾਂ ਨੂੰ ਹਾਰਮੋਨਲ ਗਰਭ ਨਿਰੋਧਕ ਦੀ ਵਰਤੋਂ ਕਰਨ ਦਾ ਸਕਾਰਾਤਮਕ ਤਜਰਬਾ ਹੁੰਦਾ ਹੈ, ਜਿਸ ਵਿਚ ਕੁਝ ਸਿਹਤ ਸਥਿਤੀਆਂ ਅਤੇ ਲੱਛਣਾਂ ਲਈ ਵਾਧੂ ਲਾਭ ਵੀ ਸ਼ਾਮਲ ਹਨ (ਉਦਾਹਰਣ ਵਜੋਂ, ਮਾਹਵਾਰੀ ਦੇ ਦਰਦ, ਮਾਹਵਾਰੀ ਦੌਰਾਨ ਭਾਰੀ ਖੂਨ ਵਹਿਣਾ, ਅਨਿਯਮਿਤ ਮਾਹਵਾਰੀ, ਬਹੁਤ ਜ਼ਿਆਦਾ ਵਾਲਾਂ ਦਾ ਵਾਧਾ ਅਤੇ ਮੁਹਾਸੇ ਦਾ ਪ੍ਰਬੰਧਨ)। ਹਾਲਾਂਕਿ, ਸਾਰੀਆਂ ਦਵਾਈਆਂ ਵਾਂਗ, ਕੁਝ ਲੋਕ ਮਾੜੇ ਪ੍ਰਭਾਵਾਂ ਦਾ ਅਨੁਭਵ ਕਰ ਸਕਦੇ ਹਨ। ਜੇ ਕਿਸੇ ਖਾਸ ਹਾਰਮੋਨਲ ਗਰਭ ਨਿਰੋਧਕ ਦੇ ਮਾੜੇ ਪ੍ਰਭਾਵ ਤੁਹਾਨੂੰ ਪਰੇਸ਼ਾਨ ਕਰਦੇ ਹਨ, ਤਾਂ ਤੁਸੀਂ ਹੋਰ ਵਿਕਲਪ ਅਜ਼ਮਾ ਸਕਦੇ ਹੋ ਜੋ ਤੁਹਾਡੇ ਲਈ ਬਿਹਤਰ ਹੋ ਸਕਦੇ ਹਨ।
ਜਦੋਂ ਕਿ ਜ਼ਿਆਦਾਤਰ ਕਿਸਮਾਂ ਦੇ ਹਾਰਮੋਨਲ ਗਰਭ ਨਿਰੋਧਕ ਖੂਨ ਦੇ ਪ੍ਰਵਾਹ ਰਾਹੀਂ ਪੂਰੇ ਸਰੀਰ ਵਿੱਚ ਹਾਰਮੋਨ ਭੇਜਦੇ ਹਨ, ਹਾਰਮੋਨਲ ਇੰਟਰਾਊਟਰਾਈਨ ਡਿਵਾਈਸ (ਆਈਯੂਡੀ) ਮੁੱਖ ਤੌਰ 'ਤੇ ਗਰੱਭਾਸ਼ਯ ਦੇ ਅੰਦਰ ਕੰਮ ਕਰਦਾ ਹੈ, ਜਿਸ ਵਿੱਚ ਹਾਰਮੋਨ ਸਿਰਫ ਥੋੜ੍ਹੀ ਮਾਤਰਾ ਵਿੱਚ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦੇ ਹਨ। ਇਸਦਾ ਅਰਥ ਇਹ ਹੈ ਕਿ ਆਮ ਤੌਰ 'ਤੇ, ਲੋਕ ਹਾਰਮੋਨਲ ਗਰਭ ਨਿਰੋਧਕ ਦੀਆਂ ਹੋਰ ਕਿਸਮਾਂ ਦੇ ਮੁਕਾਬਲੇ ਹਾਰਮੋਨਲ ਆਈਯੂਡੀ ਦੀ ਵਰਤੋਂ ਕਰਦੇ ਹੋਏ ਘੱਟ ਮਾੜੇ ਪ੍ਰਭਾਵਾਂ ਦਾ ਅਨੁਭਵ ਕਰਦੇ ਹਨ।
ਹੋ ਸਕਦਾ ਹੈ ਕਿ ਤੁਸੀਂ ਹਾਰਮੋਨਲ ਗਰਭ ਨਿਰੋਧਕ ਅਤੇ ਇਸਦੇ ਪ੍ਰਭਾਵਾਂ ਬਾਰੇ ਬਹੁਤ ਸਾਰੀਆਂ ਵੱਖਰੀ ਜਾਣਕਾਰੀ ਅਤੇ ਦ੍ਰਿਸ਼ਟੀਕੋਣ ਸੁਣੇ ਹੋਣਗੇ। ਹਾਲਾਂਕਿ ਹਾਰਮੋਨਲ ਗਰਭ ਨਿਰੋਧਕ ਦੀ ਵਰਤੋਂ ਕਰਨ ਦੇ ਲੋਕਾਂ ਦੇ ਆਪਣੇ ਤਜ਼ਰਬੇ ਜਾਇਜ਼ ਹਨ, ਹਾਰਮੋਨਲ ਗਰਭ ਨਿਰੋਧਕ ਬਾਰੇ ਬਹੁਤ ਸਾਰੀ ਗਲਤ ਜਾਣਕਾਰੀ ਵੀ ਫੈਲੀ ਹੋਈ ਹੈ। ਉਦਾਹਰਣ ਲਈ:
- ਹਾਰਮੋਨਲ ਗਰਭ ਨਿਰੋਧਕ ਭਵਿੱਖ ਵਿੱਚ ਬੱਚੇ ਨੂੰ ਜਨਮ ਦੇਣ ਦੀ ਤੁਹਾਡੀ ਸ਼ਕਤੀ ਨੂੰ ਪ੍ਰਭਾਵਤ ਜਾਂ ਘਟਾਉਂਦਾ ਨਹੀਂ ਹੈ
- ਹਾਰਮੋਨਲ ਗਰਭ ਨਿਰੋਧਕ ਗਰਭਪਾਤ ਜਾਂ ਜਨਮ ਦੇ ਨੁਕਸ ਦੇ ਜੋਖਮ ਨੂੰ ਵਧਾਉਂਦਾ ਨਹੀਂ ਹੈ, ਭਾਵੇਂ ਤੁਸੀਂ ਇਸ ਦੀ ਵਰਤੋਂ ਕਰਦੇ ਸਮੇਂ ਅਣਜਾਣੇ ਵਿੱਚ ਗਰਭਵਤੀ ਹੋ ਜਾਂਦੇ ਹੋ
- ਲੰਬੇ ਸਮੇਂ (ਸਾਲਾਂ ਜਾਂ ਦਹਾਕਿਆਂ) ਲਈ ਹਾਰਮੋਨਲ ਗਰਭ ਨਿਰੋਧਕ ਦੀ ਵਰਤੋਂ ਕਰਨਾ ਅਸੁਰੱਖਿਅਤ ਨਹੀਂ ਹੈ।
ਗਰਭ ਨਿਰੋਧਕ ਬਾਰੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰਨਾ
ਸਾਂਝੇ ਫੈਸਲੇ ਲੈਣ ਦਾ ਮਤਲਬ ਹੈ ਕਿ ਤੁਸੀਂ ਅਤੇ ਤੁਹਾਡਾ ਸਿਹਤ ਸੰਭਾਲ ਪੇਸ਼ੇਵਰ ਗਰਭ ਨਿਰੋਧਕ ਬਾਰੇ ਫੈਸਲੇ ਲੈਣ ਲਈ ਇਕੱਠੇ ਕੰਮ ਕਰਦੇ ਹੋ। ਤੁਸੀਂ ਆਪਣੇ ਸਰੀਰ ਬਾਰੇ ਅਤੇ ਤੁਹਾਡੇ ਲਈ ਕੀ ਮਹੱਤਵਪੂਰਣ ਹੈ, ਇਸ ਬਾਰੇ ਜਾਣਦੇ ਹੋ, ਜਦੋਂ ਕਿ ਤੁਹਾਡਾ ਸਿਹਤ ਸੰਭਾਲ ਪੇਸ਼ੇਵਰ ਆਪਣਾ ਡਾਕਟਰੀ ਗਿਆਨ ਸਾਂਝਾ ਕਰ ਸਕਦਾ ਹੈ। ਇਕੱਠੇ ਮਿਲ ਕੇ, ਤੁਸੀਂ ਉਹ ਚੋਣ ਕਰ ਸਕਦੇ ਹੋ ਜੋ ਤੁਹਾਡੇ ਲਈ ਸਹੀ ਹੈ।
ਸਾਂਝਾ ਫੈਸਲਾ ਲੈਣਾ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਦਾ ਹੈ ਕਿ:
- ਤੁਹਾਡੀ ਪਸੰਦ ਤੁਹਾਡੀਆਂ ਜ਼ਰੂਰਤਾਂ ਅਤੇ ਤਰਜੀਹਾਂ ਦੇ ਅਨੁਕੂਲ ਹੈ
- ਤੁਸੀਂ ਆਪਣੇ ਵਿਕਲਪਾਂ ਨੂੰ ਸਮਝਦੇ ਹੋ
- ਤੁਸੀਂ ਵਿਸ਼ਵਾਸ ਮਹਿਸੂਸ ਕਰਦੇ ਹੋ ਅਤੇ ਆਪਣੇ ਫੈਸਲਿਆਂ ਬਾਰੇ ਨਿਯੰਤਰਣ ਰੱਖਦੇ ਹੋ।
ਜੇਕਰ ਤੁਹਾਡੇ ਨੇੜੇ ਕੋਈ ਡਾਕਟਰ ਨਹੀਂ ਹੈ ਤਾਂ ਵੀ ਤੁਹਾਡੇ ਕੋਲ ਵਿਕਲਪ ਹਨ। ਤੁਸੀਂ ਇਹ ਕਰ ਸਕਦੇ ਹੋ:
- ਸਿਹਤ ਸੰਭਾਲ ਪੇਸ਼ੇਵਰ ਨਾਲ ਟੈਲੀਹੈਲਥ ਮੁਲਾਕਾਤ ਬੁੱਕ ਕਰੋ - ਉਹ ਤੁਹਾਨੂੰ ਸਲਾਹ ਦੇ ਸਕਦੇ ਹਨ, ਕਿਸੇ ਵੀ ਲੋੜੀਂਦੇ ਟੈਸਟਾਂ ਦਾ ਪ੍ਰਬੰਧ ਕਰ ਸਕਦੇ ਹਨ ਅਤੇ ਤੁਹਾਡੇ ਲਈ ਅਨੁਕੂਲ ਵਿਕਲਪ ਲਈ ਤੁਹਾਨੂੰ ਇਲੈਕਟ੍ਰਾਨਿਕ ਨੁਸਖ਼ਾ (ਈਸਕ੍ਰਿਪਟ, eScript) ਭੇਜ ਸਕਦੇ ਹਨ
- ਜੇਕਰ ਤੁਹਾਡੇ ਨੇੜੇ ਕੋਈ ਜਿਨਸੀ ਸਿਹਤ ਕਲੀਨਿਕ, ਕਮਿਊਨਿਟੀ ਹੈਲਥ ਕਲੀਨਿਕ ਜਾਂ ਪਰਿਵਾਰਕ ਯੋਜਨਾ ਕਲੀਨਿਕ ਹੈ ਤਾਂ ਉਥੇ ਜਾਓ।
- ਆਪਣੇ ਸਥਾਨਕ ਫਾਰਮਾਸਿਸਟ ਨਾਲ ਗੱਲ ਕਰੋ - ਕੁਝ ਰਾਜਾਂ ਅਤੇ ਰਾਜ-ਪ੍ਰਦੇਸ਼ਾਂ ਵਿੱਚ ਤੁਹਾਡਾ ਫਾਰਮਾਸਿਸਟ ਤੁਹਾਨੂੰ ਸਲਾਹ ਅਤੇ ਕੁਝ ਕਿਸਮਾਂ ਦੇ ਗਰਭ ਨਿਰੋਧਕ ਤੱਕ ਪਹੁੰਚ ਪ੍ਰਦਾਨ ਕਰਨ ਦੇ ਯੋਗ ਹੋ ਸਕਦਾ ਹੈ।
ਤੁਸੀਂ ਹੈਲਥਡਾਇਰੈਕਟ 'ਤੇ ਸੇਵਾ ਲੱਭਣ ਦੇ ਸਾਧਨ ਦੀ ਵਰਤੋਂ ਆਪਣੇ ਨੇੜੇ ਦੇ ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸਿਹਤ ਸੇਵਾਵਾਂ ਨੂੰ ਲੱਭਣ ਵਿੱਚ ਕਰ ਸਕਦੇ ਹੋ।
ਜੇ ਤੁਸੀਂ ਕਿਸੇ ਫਾਰਮੇਸੀ ਦੇ ਨੇੜੇ ਨਹੀਂ ਰਹਿੰਦੇ ਹੋ, ਤਾਂ ਤੁਸੀਂ ਔਨਲਾਈਨ ਫਾਰਮੇਸੀ ਰਾਹੀਂ ਆਪਣੇ ਨੁਸਖ਼ੇ ਦਾ ਆਰਡਰ ਕਰਨ ਦੇ ਯੋਗ ਹੋ, ਜਿਸਦੀ ਡਿਲੀਵਰੀ ਜ਼ਿਆਦਾਤਰ ਮੈਟਰੋਪੋਲੀਟਨ, ਖੇਤਰੀ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਵਿੱਚ ਕੀਤੀ ਜਾਂਦੀ ਹੈ। ਆਸਟ੍ਰੇਲੀਆ ਵਿੱਚ ਔਨਲਾਈਨ ਫਾਰਮੇਸੀਆਂ ਲਈ ਨਿਯਮਤ ਫਾਰਮੇਸੀਆਂ ਵਾਂਗ ਹੀ ਕਾਨੂੰਨਾਂ ਅਤੇ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਦਵਾਈਆਂ ਡਿਲੀਵਰੀ ਲਈ ਭੇਜਣ ਤੋਂ ਪਹਿਲਾਂ ਸਾਰੇ ਨੁਸਖੇ ਇੱਕ ਯੋਗ ਫਾਰਮਾਸਿਸਟ ਦੁਆਰਾ ਜਾਂਚੇ ਜਾਂਦੇ ਹਨ।
ਹਾਲਾਂਕਿ ਡਾਕ ਰਾਹੀਂ ਤੁਹਾਡੇ ਗਰਭ ਨਿਰੋਧਕ ਨੂੰ ਪ੍ਰਾਪਤ ਕਰਨਾ ਸੰਭਵ ਹੈ, ਗਰਭ ਨਿਰੋਧਕ ਦੇ ਕੁਝ ਰੂਪਾਂ (ਜਿਵੇਂ ਕਿ ਗਰਭ ਨਿਰੋਧਕ ਟੀਕਾ, ਗਰਭ ਨਿਰੋਧਕ ਇਮਪਲਾਂਟ ਅਤੇ ਆਈਯੂਡੀ) ਅਜੇ ਵੀ ਤੁਹਾਨੂੰ ਦਿੱਤੇ ਜਾਣ ਲਈ ਇੱਕ ਸਿਹਤ ਸੰਭਾਲ ਪੇਸ਼ੇਵਰ ਨੂੰ ਵਿਅਕਤੀਗਤ ਤੌਰ 'ਤੇ ਦੇਖਣ ਦੀ ਲੋੜ ਹੁੰਦੀ ਹੈ।
ਕੁਝ ਕਿਸਮਾਂ ਦੇ ਗਰਭ ਨਿਰੋਧਕ, ਜਿਵੇਂ ਕਿ ਆਈਯੂਡੀ ਜਾਂ ਗਰਭ ਨਿਰੋਧਕ ਇਮਪਲਾਂਟ, ਜਦੋਂ ਉਹਨਾਂ ਨੂੰ ਲਗਾਇਆ ਜਾਂਦਾ ਹੈ ਤਾਂ ਕੁਝ ਦਰਦ ਜਾਂ ਬੇਅਰਾਮੀ ਹੋ ਸਕਦੀ ਹੈ। ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਦੇ ਪ੍ਰਬੰਧਨ ਵਿੱਚ ਸਹਾਇਤਾ ਕਰਨ ਦੇ ਤਰੀਕੇ ਹਨ।
ਤੁਸੀਂ ਆਪਣੇ ਸਿਹਤ ਸੰਭਾਲ ਪੇਸ਼ੇਵਰ ਨਾਲ ਇਸ ਬਾਰੇ ਗੱਲ ਕਰ ਸਕਦੇ ਹੋ ਕਿ ਕੀ ਉਮੀਦ ਕਰਨੀ ਹੈ ਅਤੇ ਦਰਦ ਪ੍ਰਬੰਧਨ ਦੇ ਕਿਹੜੇ ਵਿਕਲਪ ਉਪਲਬਧ ਹਨ। ਤੁਸੀਂ ਆਪਣੇ ਸਿਹਤ ਸੰਭਾਲ ਪੇਸ਼ੇਵਰ ਨੂੰ ਇਹ ਪੁੱਛਣਾ ਚਾਹ ਸਕਦੇ ਹੋ:
- ਵਿਧੀ ਕਿਹੋ ਜਿਹੀ ਮਹਿਸੂਸ ਹੋਵੇਗੀ?
- ਮੇਰੇ ਲਈ ਦਰਦ ਪ੍ਰਬੰਧਨ ਦੇ ਕਿਹੜੇ ਵਿਕਲਪ ਉਪਲਬਧ ਹਨ?
- ਦਰਦ ਨੂੰ ਘਟਾਉਣ ਲਈ ਮੈਂ ਪਾਉਣ ਤੋਂ ਪਹਿਲਾਂ ਅਤੇ ਬਾਅਦ ਵਿਚ ਕੀ ਕਰ ਸਕਦਾ ਹਾਂ?
ਦਰਦ ਪ੍ਰਬੰਧਨ ਬਾਰੇ ਗੱਲ ਕਰਨਾ ਤੁਹਾਨੂੰ ਬਿਹਤਰ ਤਿਆਰ ਮਹਿਸੂਸ ਕਰਨ ਅਤੇ ਤੁਹਾਡੇ ਲਈ ਸਹੀ ਚੋਣ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ।
ਗਰਭ ਨਿਰੋਧਕ ਬਾਰੇ ਆਪਣੇ ਸਾਥੀ ਨਾਲ ਗੱਲ ਕਰਨਾ
ਆਪਣੇ ਸਾਥੀ(ਆਂ) ਨਾਲ ਗਰਭ ਨਿਰੋਧਕ ਬਾਰੇ ਗੱਲ ਕਰਨਾ ਤੁਹਾਡੀ ਸਿਹਤ ਅਤੇ ਤੰਦਰੁਸਤੀ ਦੀ ਦੇਖਭਾਲ ਦਾ ਇੱਕ ਮਹੱਤਵਪੂਰਨ ਹਿੱਸਾ ਹੋ ਸਕਦਾ ਹੈ। ਸੈਕਸ ਅਤੇ ਗਰਭ ਨਿਰੋਧਕ ਬਾਰੇ ਖੁੱਲੀ ਅਤੇ ਇਮਾਨਦਾਰੀ ਨਾਲ ਕੀਤੀ ਗਈ ਗੱਲਬਾਤ ਹਰ ਕਿਸੇ ਨੂੰ ਵਧੇਰੇ ਵਿਸ਼ਵਾਸ ਅਤੇ ਸਸ਼ਕਤ ਮਹਿਸੂਸ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ।
ਜੇ ਤੁਸੀਂ ਕਰ ਸਕਦੇ ਹੋ, ਤਾਂ ਸੈਕਸ ਕਰਨ ਤੋਂ ਪਹਿਲਾਂ ਜਦੋਂ ਤੁਹਾਡੇ ਕੋਲ ਗੱਲ ਕਰਨ ਅਤੇ ਆਰਾਮਦਾਇਕ ਮਹਿਸੂਸ ਕਰਨ ਦਾ ਸਮਾਂ ਹੁੰਦਾ ਹੈ, ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ। ਇੱਕ ਨਿੱਜੀ ਜਗ੍ਹਾ ਚੁਣੋ ਜਿੱਥੇ ਤੁਹਾਡੀ ਗੱਲਬਾਤ ਵਿੱਚ ਰੋਕ ਨਾ ਪਵੇ।
ਤੁਸੀਂ ਸ਼ਾਇਦ ਇਹ ਕਰਨਾ ਚਾਹੋਗੇ:
- ਜੋ ਤੁਹਾਡੇ ਲਈ ਮਹੱਤਵਪੂਰਣ ਹੈ ਉਹ ਸਾਂਝਾ ਕਰਨਾ (ਉਦਾਹਰਣ ਵਜੋਂ, ਗਰਭ ਅਵਸਥਾ ਨੂੰ ਰੋਕਣਾ ਜਾਂ ਐਸਟੀਆਈ ਤੋਂ ਬਚਾਉਣਾ, ਜਾਂ ਦੋਵੇਂ)
- ਆਪਣੇ ਸਾਥੀ(ਆਂ) ਤੋਂ ਪੁੱਛਣਾ ਕਿ ਉਹ ਕੀ ਸੋਚਦੇ ਹਨ ਅਤੇ ਉਨ੍ਹਾਂ ਦੇ ਵਿਚਾਰ ਸੁਣਨਾ
- ਇਸ ਬਾਰੇ ਗੱਲ ਕਰਨਾ ਕਿ ਤੁਸੀਂ ਦੋਂਵੇਂ ਕਿਹੜੇ ਤਰੀਕਿਆਂ ਦੀ ਵਰਤੋਂ ਕਰਨ ਵਿੱਚ ਆਰਾਮਦਾਇਕ ਮਹਿਸੂਸ ਕਰਦੇ ਹੋ।
ਕੁਝ ਗਰਭ ਨਿਰੋਧਕ ਤਰੀਕਿਆਂ, ਜਿਵੇਂ ਕਿ ਕੰਡੋਮ, ਦੀ ਵਰਤੋਂ ਲਈ ਸਾਥੀ ਦੀ ਸ਼ਮੂਲੀਅਤ ਦੀ ਲੋੜ ਹੁੰਦੀ ਹੈ। ਦੂਸਰੇ ਤਰੀਕਿਆਂ ਦੀ ਵਰਤੋਂ ਤੁਹਾਡੀ ਆਪਣੀ ਪਸੰਦ ਹੈ। ਜੇ ਤੁਸੀਂ ਆਪਣੇ ਆਪ ਕਿਸੇ ਤਰੀਕੇ ਦੀ ਵਰਤੋਂ ਕਰਨ ਦਾ ਫੈਸਲਾ ਲੈਂਦੇ ਹੋ, ਤਾਂ ਉਹ ਵੀ ਠੀਕ ਹੈ।
ਤੁਹਾਨੂੰ ਕਦੇ ਵੀ ਸੈਕਸ ਕਰਨ, ਗਰਭ ਨਿਰੋਧਕ ਦੀ ਵਰਤੋਂ ਨਾ ਕਰਨ, ਜਾਂ ਗਰਭ ਨਿਰੋਧਕ ਦਾ ਕੋਈ ਅਜਿਹਾ ਫੈਸਲਾ ਲੈਣ ਲਈ ਦਬਾਅ ਮਹਿਸੂਸ ਨਹੀਂ ਕਰਨਾ ਚਾਹੀਦਾ ਜੋ ਤੁਹਾਡੇ ਸਰੀਰ ਲਈ ਕੰਮ ਨਾ ਕਰੇ। ਜੇ ਤੁਹਾਡੇ ਅਤੇ ਤੁਹਾਡੇ ਸਾਥੀ(ਆਂ) ਦੇ ਗਰਭ ਨਿਰੋਧਕ ਬਾਰੇ ਵੱਖੋ ਵੱਖਰੇ ਵਿਚਾਰ ਹਨ ਅਤੇ ਤੁਸੀਂ ਕੋਈ ਫੈਸਲਾ ਲੈਣ ਲਈ ਸੰਘਰਸ਼ ਕਰ ਰਹੇ ਹੋ, ਤਾਂ ਤੁਹਾਨੂੰ ਗੁਪਤ ਅਤੇ ਸੰਵੇਦਨਸ਼ੀਲ ਸਲਾਹ ਲਈ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਸੰਭਾਲਕਰਤਾ ਨਾਲ ਗਰਭ ਨਿਰੋਧਕ ਵਿਕਲਪ ਲੱਭਣ ਦੇ ਸਾਧਨ ਦੀ ਵਰਤੋਂ ਕਰਨਾ
ਜੇ ਤੁਸੀਂ ਸੰਭਾਲਕਰਤਾ ਦੇ ਸਮਰਥਨ ਨਾਲ ਗਰਭ ਨਿਰੋਧਕ ਬਾਰੇ ਫੈਸਲਾ ਕਰ ਰਹੇ ਹੋ, ਤਾਂ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਤੁਹਾਡੀ ਨਿੱਜੀ ਚੋਣ ਹੈ। ਤੁਹਾਡੇ ਸਰੀਰ ਅਤੇ ਤੁਹਾਡੀ ਸਥਿਤੀ ਲਈ ਕੀ ਸਹੀ ਹੈ ਇਸ ਬਾਰੇ ਤੁਹਾਡੀਆਂ ਇੱਛਾਵਾਂ ਅਤੇ ਵਿਸ਼ਵਾਸ ਨੂੰ ਹਮੇਸ਼ਾਂ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਇਹ ਸੁਨਿਸ਼ਚਿਤ ਕਰੋ ਕਿ ਤੁਸੀਂ ਪ੍ਰਦਾਨ ਕੀਤੀ ਜਾ ਰਹੀ ਜਾਣਕਾਰੀ ਅਤੇ ਤੁਹਾਡੇ ਲਈ ਉਪਲਬਧ ਵਿਕਲਪਾਂ ਨੂੰ ਸਮਝਦੇ ਹੋ। ਜੇ ਤੁਹਾਨੂੰ ਇਸਦੀ ਜ਼ਰੂਰਤ ਹੈ ਤਾਂ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਪੁੱਛੋ। ਇਸ ਬਾਰੇ ਸੋਚੋ:
- ਥੋੜ੍ਹੇ-ਸਮੇਂ ਅਤੇ ਲੰਬੇ-ਸਮੇਂ ਦੇ ਨਤੀਜੇ
- ਸੰਭਾਵਿਤ ਮਾੜੇ ਪ੍ਰਭਾਵ ਜਾਂ ਪੇਚੀਦਗੀਆਂ
- ਤੁਹਾਡੀਆਂ ਜ਼ਰੂਰਤਾਂ ਅਤੇ ਤਰਜੀਹਾਂ ਦੇ ਅਧਾਰ ਤੇ ਤੁਹਾਡੇ ਲਈ ਕੀ ਸਹੀ ਮਹਿਸੂਸ ਹੁੰਦਾ ਹੈ
ਜੇ ਤੁਸੀਂ ਕਿਸੇ ਵੀ ਸਮੇਂ ਅਨਿਸ਼ਚਿਤ, ਦਬਾਅ, ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਸਹਾਇਤਾ ਲਈ ਕਿਸੇ ਭਰੋਸੇਮੰਦ ਵਿਅਕਤੀ ਜਾਂ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਜੇ ਤੁਸੀਂ ਸੰਭਾਲਕਰਤਾ ਹੋ, ਤਾਂ ਯਾਦ ਰੱਖਣ ਵਾਲੀ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਫੈਸਲਾ ਉਸ ਵਿਅਕਤੀ ਦਾ ਹੋਣਾ ਚਾਹੀਦਾ ਹੈ। ਤੁਹਾਡੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਭ ਤੋਂ ਵਧੀਆ ਸਹਾਇਤਾ ਉਸ ਵਿਅਕਤੀ ਨੂੰ ਉਨ੍ਹਾਂ ਦੇ ਵਿਕਲਪਾਂ ਨੂੰ ਸਮਝਣ, ਉਨ੍ਹਾਂ ਦੀਆਂ ਤਰਜੀਹਾਂ ਨੂੰ ਪ੍ਰਗਟ ਕਰਨ ਅਤੇ ਉਨ੍ਹਾਂ ਲਈ ਸਹੀ ਫੈਸਲਾ ਲੈਣ ਵਿੱਚ ਸਹਾਇਤਾ ਕਰਨਾ ਹੈ।
ਤੁਸੀਂ ਉਹਨਾਂ ਦਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸਮਰਥਨ ਇਹਨਾਂ ਦੁਆਰਾ ਕਰ ਸਕਦੇ ਹੋ:
- ਇਹ ਸਮਝਣਾ ਕਿ ਉਨ੍ਹਾਂ ਲਈ ਕੀ ਮਹੱਤਵਪੂਰਣ ਹੈ ਅਤੇ ਉਨ੍ਹਾਂ ਦੀਆਂ ਤਰਜੀਹਾਂ ਦਾ ਆਦਰ ਕਰਨਾ
- ਉਨ੍ਹਾਂ ਦੇ ਵਿਕਲਪਾਂ ਨੂੰ ਸਮਝਣ ਵਿੱਚ ਸਹਾਇਤਾ ਲਈ ਸਪਸ਼ਟ ਅਤੇ ਸਧਾਰਨ ਜਾਣਕਾਰੀ ਸਾਂਝੀ ਕਰਨਾ
- ਉਨ੍ਹਾਂ ਨੂੰ ਫੈਸਲਾ ਲੈਣ ਦੇ ਦਬਾਅ ਤੋਂ ਬਿਨਾਂ ਪ੍ਰਸ਼ਨ ਪੁੱਛਣ ਲਈ ਸਮਾਂ ਅਤੇ ਜਗ੍ਹਾ ਦੇਣਾ
- ਉਨ੍ਹਾਂ ਨੂੰ ਆਪਣੇ ਫੈਸਲੇ ਨੂੰ ਦੂਜਿਆਂ, ਜਿਵੇਂ ਕਿ ਸਿਹਤ ਸੰਭਾਲ ਪੇਸ਼ੇਵਰਾਂ, ਨਾਲ ਸੰਚਾਰ ਕਰਨ ਲਈ ਉਨ੍ਹਾਂ ਦਾ ਸਮਰਥਨ ਕਰਨਾ
ਇੱਕ ਦੇਖਭਾਲ ਕਰਨ ਵਾਲੇ ਵਜੋਂ, ਤੁਸੀਂ ਕਿਸੇ ਨੂੰ ਵੱਖ-ਵੱਖ ਤਰੀਕਿਆਂ ਨਾਲ ਟੂਲ ਦੀ ਵਰਤੋਂ ਕਰਨ ਲਈ ਸਮਰਥਨ ਕਰਨ ਦੇ ਯੋਗ ਹੋ ਸਕਦੇ ਹੋ, ਜਿਸ ਵਿੱਚ ਇਹ ਸ਼ਾਮਲ ਹਨ:
- ਉਨ੍ਹਾਂ ਦੀ ਰਫਤਾਰ ਨਾਲ ਟੂਲ ਦੀ ਵਰਤੋਂ ਕਰਨਾ
- ਸਵਾਲ ਜਾਂ ਜਾਣਕਾਰੀ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨਾ
- ਨਿਯਮਤ ਤੌਰ 'ਤੇ ਇਹ ਪੁੱਛਣਾ ਕਿ ਜੇਕਰ ਉਹ ਜਾਰੀ ਰੱਖਣਾ ਚਾਹੁੰਦੇ ਹਨ, ਰੁਕਣਾ ਜਾਂ ਬਾਅਦ ਵਿੱਚ ਵਾਪਸ ਆਉਣਾ ਚਾਹੁੰਦੇ ਹਨ
- ਉਨ੍ਹਾਂ ਲਈ ਸਭ ਤੋਂ ਮਹੱਤਵਪੂਰਣ ਚੀਜ਼ ਦੇ ਅਧਾਰ ਤੇ ਗਰਭ ਨਿਰੋਧਕ ਵਿਕਲਪਾਂ ਦੀ ਤੁਲਨਾ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ
- ਉਹ ਸਵਾਲ ਲਿਖਣਾ ਜੋ ਉਹ ਸਿਹਤ ਸੰਭਾਲ ਪੇਸ਼ੇਵਰ ਨੂੰ ਪੁੱਛਣਾ ਚਾਹੁੰਦੇ ਹਨ
ਤੁਹਾਡੀ ਭੂਮਿਕਾ ਵਿਅਕਤੀ ਨੂੰ ਆਪਣਾ ਫੈਸਲਾ ਲੈਣ ਲਈ ਸਹਾਇਤਾ ਕਰਨਾ ਹੈ, ਨਾ ਕਿ ਉਨ੍ਹਾਂ ਲਈ ਫੈਸਲਾ ਲੈਣਾ। ਹਮੇਸ਼ਾਂ ਇਹ ਸੁਨਿਸ਼ਚਿਤ ਕਰੋ ਕਿ ਗੋਪਨੀਯਤਾ ਅਤੇ ਮਾਣ-ਸਨਮਾਨ ਦਾ ਸਤਿਕਾਰ ਕੀਤਾ ਜਾਵੇ।
ਸੁਰੱਖਿਅਤ ਸੈਕਸ ਅਤੇ ਐਸਟੀਆਈ ਰੋਕਥਾਮ
ਸੁਰੱਖਿਅਤ ਸੈਕਸ ਉਦੋਂ ਹੁੰਦਾ ਹੈ ਜਦੋਂ ਤੁਸੀਂ ਅਤੇ ਤੁਹਾਡਾ ਸਾਥੀ ਜਿਨਸੀ ਸੰਪਰਕ ਕਰਦੇ ਹੋ ਅਤੇ ਆਪਣੇ ਆਪ ਨੂੰ ਜਿਨਸੀ ਸੰਚਾਰਿਤ ਲਾਗਾਂ (ਐਸਟੀਆਈ) ਅਤੇ ਗੈਰ-ਯੋਜਨਾਬੱਧ ਗਰਭ ਅਵਸਥਾ ਤੋਂ ਬਚਾਉਂਦੇ ਹੋ।
ਕੰਡੋਮ ਇਕੋ-ਇਕ ਗਰਭ ਨਿਰੋਧਕ ਤਰੀਕਾ ਹੈ ਜੋ ਗੈਰ-ਯੋਜਨਾਬੱਧ ਗਰਭ ਅਵਸਥਾ ਅਤੇ ਐਸਟੀਆਈ ਦੋਵਾਂ ਤੋਂ ਬਚਾਉਂਦਾ ਹੈ। ਇਸ ਵਿੱਚ ਅੰਦਰੂਨੀ ਕੰਡੋਮ ਅਤੇ ਬਾਹਰੀ ਕੰਡੋਮ ਦੋਵੇਂ ਸ਼ਾਮਲ ਹਨ, ਹਾਲਾਂਕਿ, ਬਾਹਰੀ ਕੰਡੋਮ ਐਸਟੀਆਈ ਤੋਂ ਬਚਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਹੁੰਦੇ ਹਨ। ਜੇ ਤੁਸੀਂ ਜਾਂ ਤੁਹਾਡਾ ਸਾਥੀ ਗਰਭ ਨਿਰੋਧਕ ਦੇ ਕਿਸੇ ਹੋਰ ਰੂਪ ਦੀ ਵਰਤੋਂ ਕਰ ਰਹੇ ਹੋ, ਤਾਂ ਕੰਡੋਮ ਦੀ ਵਰਤੋਂ ਕਰਨਾ ਅਤੇ ਨਿਯਮਿਤ ਤੌਰ 'ਤੇ ਐਸਟੀਆਈ ਦੀ ਜਾਂਚ ਕਰਵਾਉਣਾ ਅਜੇ ਵੀ ਮਹੱਤਵਪੂਰਨ ਹੈ, ਕਿਉਂਕਿ ਬਹੁਤ ਸਾਰੇ STIs ਦੇ ਲੱਛਣ ਹੀ ਨਹੀਂ ਹੁੰਦੇ ਹਨ।
ਸੁਰੱਖਿਅਤ ਸੈਕਸ ਬਾਰੇ ਹੋਰ ਜਾਣੋ।
ਆਪਣੇ ਆਪ ਨੂੰ ਜਿਨਸੀ ਸੰਚਾਰਿਤ ਲਾਗਾਂ (ਐਸਟੀਆਈ) ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਯੋਨੀ, ਗੁਦਾ ਜਾਂ ਮੌਖਿਕ ਸੈਕਸ ਕਰਨ ਵੇਲੇ ਪਾਣੀ ਜਾਂ ਸਿਲੀਕੋਨ-ਅਧਾਰਤ ਲੁਬਰੀਕੈਂਟ ਦੇ ਨਾਲ ਕਿਸੀ ਰੁਕਾਵਟ ਵਿਧੀ (ਜਿਵੇਂ ਕਿ ਕੰਡੋਮ, ਦੰਦਾਂ ਦੇ ਡੈਮ) ਦੀ ਵਰਤੋਂ ਕਰਨਾ। ਜੇ ਤੁਹਾਡਾ ਕੋਈ ਨਵਾਂ ਸਾਥੀ ਹੈ, ਤਾਂ ਤੁਹਾਨੂੰ ਦੋਵਾਂ ਨੂੰ ਸੈਕਸ ਕਰਨ ਤੋਂ ਪਹਿਲਾਂ ਐਸਟੀਆਈ ਲਈ ਟੈਸਟ ਕਰਵਾਉਣਾ ਚਾਹੀਦਾ ਹੈ। ਕਿਉਂਕਿ ਐਸਟੀਆਈ ਦੇ ਅਕਸਰ ਕੋਈ ਸਪੱਸ਼ਟ ਲੱਛਣ ਨਹੀਂ ਹੁੰਦੇ, ਇਸ ਲਈ ਕਿਸੇ ਭਰੋਸੇਮੰਦ ਸਿਹਤ ਸੰਭਾਲ ਪੇਸ਼ੇਵਰ ਨਾਲ ਨਿਯਮਤ ਤੌਰ 'ਤੇ ਟੈਸਟ ਕਰਵਾਉਣਾ ਮਹੱਤਵਪੂਰਨ ਹੈ।
ਆਪਣੇ ਜਿਨਸੀ ਸਾਥੀਆਂ ਨਾਲ ਐਸਟੀਆਈ ਬਾਰੇ ਗੱਲਬਾਤ ਕਰੋ ਅਤੇ ਸੈਕਸ ਕਰਨ ਤੋਂ ਪਹਿਲਾਂ ਕੰਡੋਮ ਦੀ ਵਰਤੋਂ ਕਰਨ 'ਤੇ ਸਹਿਮਤ ਹੋਵੋ। ਤੁਹਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਸੈਕਸ ਨਹੀਂ ਕਰਨਾ ਚਾਹੀਦਾ ਜਿਸਦੇ ਮੂੰਹ, ਗੁਦਾ ਜਾਂ ਜਣਨ ਖੇਤਰਾਂ ਵਿੱਚ ਐਸਟੀਆਈ ਦੇ ਸਪੱਸ਼ਟ ਲੱਛਣ ਜਿਵੇਂ ਕਿ ਵਾਰਟਸ, ਜ਼ਖਮ ਜਾਂ ਧੱਫੜ ਮੌਜੂਦ ਹੋਣ।
ਐਸਟੀਆਈ ਅਤੇ ਐਸਟੀਆਈ ਨੂੰ ਰੋਕਣਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ ਬਾਰੇ ਹੋਰ ਜਾਣੋ।
ਤੁਸੀਂ ਜੀਪੀ, ਜਿਨਸੀ ਸਿਹਤ ਕਲੀਨਿਕ, ਮੈਡੀਕੇਅਰ ਐਮਰਜੈਂਸੀ ਕੇਅਰ ਕਲੀਨਿਕ ਜਾਂ ਆਦਿਵਾਸੀ ਮੈਡੀਕਲ ਸੇਵਾ ਵਿਖੇ ਟੈਸਟ ਕਰ ਸਕਦੇ ਹੋ। ਜ਼ਿਆਦਾਤਰ ਮਾਮਲਿਆਂ ਵਿੱਚ, ਟੈਸਟਿੰਗ ਇੱਕ ਸਧਾਰਨ ਪਿਸ਼ਾਬ ਦੇ ਨਮੂਨੇ ਜਾਂ ਖੂਨ ਦੀ ਜਾਂਚ ਦੁਆਰਾ ਕੀਤੀ ਜਾਂਦੀ ਹੈ। ਕਈ ਵਾਰ, ਤੁਹਾਨੂੰ ਆਪਣੇ ਗਲੇ, ਗੁਦਾ ਜਾਂ ਯੋਨੀ ਦਾ ਸਵੈਬ ਪ੍ਰਦਾਨ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਤੁਸੀਂ ਆਮ ਤੌਰ 'ਤੇ ਖੁਦ ਸਵੈਬ ਲੈ ਸਕਦੇ ਹੋ, ਜਾਂ ਸਿਹਤ ਸੰਭਾਲ ਪੇਸ਼ੇਵਰ ਇਹ ਤੁਹਾਡੇ ਲਈ ਕਰ ਸਕਦਾ ਹੈ।
ਲਾਗਤ ਉਸ ਟੈਸਟ 'ਤੇ ਨਿਰਭਰ ਕਰੇਗੀ ਜਿਸਦੀ ਤੁਹਾਨੂੰ ਲੋੜ ਹੈ ਅਤੇ ਤੁਸੀਂ ਕਿੱਥੇ ਜਾਣਾ ਚੁਣਦੇ ਹੋ। ਜੇ ਤੁਹਾਡੇ ਕੋਲ ਮੈਡੀਕੇਅਰ ਕਾਰਡ ਹੈ, ਤਾਂ ਐਸਟੀਆਈ ਟੈਸਟਿੰਗ ਮੁਫਤ ਹੋਣੀ ਚਾਹੀਦੀ ਹੈ ਪਰ ਸਲਾਹ-ਮਸ਼ਵਰੇ ਲਈ ਅਜੇ ਵੀ ਫੀਸ ਹੋ ਸਕਦੀ ਹੈ।
ਐਸਟੀਆਈ ਲਈ ਟੈਸਟ ਕਰਵਾਉਣ ਅਤੇ ਐਸਟੀਆਈ ਦੀ ਜਾਂਚ ਨੂੰ ਸੈਕਸ ਤੋਂ ਪਹਿਲਾਂ ਦੀ ਜਰੂਰੀ ਗਤੀਵਿਧੀ ਬਣਾਉਣ ਬਾਰੇ ਹੋਰ ਜਾਣੋਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ।
ਸਹਿਮਤੀ ਅਤੇ ਜਿਨਸੀ ਸ਼ੋਸ਼ਣ
ਜੇ ਤੁਸੀਂ ਸੰਭੋਗ ਕਰਨ ਬਾਰੇ ਸੋਚ ਰਹੇ ਹੋ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਸਹਿਮਤੀ ਨੂੰ ਸਮਝਦੇ ਹੋ। ਸਹਿਮਤੀ ਦਾ ਮਤਲਬ ਹੈ ਕਿਸੇ ਚੀਜ਼ ਨੂੰ ਕਰਨ ਦੀ ਇਜਾਜ਼ਤ ਦੇਣਾ। ਕਿਸੇ ਵੀ ਕਿਸਮ ਦੀ ਜਿਨਸੀ ਗਤੀਵਿਧੀ ਦੇ ਦੌਰਾਨ, ਇਸਦਾ ਮਤਲਬ ਹੈ ਕਿ ਸ਼ਾਮਲ ਹਰ ਕੋਈ ਸੁਤੰਤਰ ਰੂਪ ਵਿੱਚ ਸਹਿਮਤ ਹੈ, ਸਮਝਦਾ ਹੈ ਕਿ ਕੀ ਹੋ ਰਿਹਾ ਹੈ ਅਤੇ ਹਿੱਸਾ ਲੈਣਾ ਚਾਹੁੰਦਾ ਹੈ। ਸਹਿਮਤੀ ਨੂੰ ਕਿਸੇ ਵੀ ਸਮੇਂ ਬਦਲਿਆ ਜਾਂ ਵਾਪਸ ਲਿਆ ਜਾ ਸਕਦਾ ਹੈ। ਕਿਸੇ ਨਾਲ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਜਿਨਸੀ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਗੈਰ-ਕਾਨੂੰਨੀ ਹੈ।
ਜੇ ਤੁਸੀਂ ਕਿਸੇ ਖਾਸ ਉਮਰ ਤੋਂ ਘੱਟ ਹੋ ਤਾਂ ਤੁਸੀਂ ਸਹਿਮਤੀ ਨਹੀਂ ਦੇ ਸਕਦੇ। ਸਹਿਮਤੀ ਦੀ ਕਾਨੂੰਨੀ ਉਮਰ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਆਸਟ੍ਰੇਲੀਆ ਦੇ ਕਿਸ ਰਾਜ ਜਾਂ ਖੇਤਰ ਵਿੱਚ ਹੋ। ਜੇਕਰ ਤੁਹਾਡੀ ਉਮਰ 18 ਤੋਂ ਘੱਟ ਹੈ ਅਤੇ ਤੁਸੀਂ ਹੋਰ ਜਾਣਕਾਰੀ ਚਾਹੁੰਦੇ ਹੋ, ਤਾਂ ਸਹਿਮਤੀ ਬਾਰੇ ਜਾਣਕਾਰੀ (All about consent)ਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ 'ਤੇ ਜਾਓ। ਬਾਲਗਾਂ ਲਈ, ਕਿਰਪਾ ਕਰਕੇ ਜਿਨਸੀ ਸਹਿਮਤੀਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ 'ਤੇ ਜਾਓ।
ਜੇ ਤੁਹਾਡੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ, ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਹ ਤੁਹਾਡੀ ਗਲਤੀ ਨਹੀਂ ਹੈ ਅਤੇ ਸਹਾਇਤਾ ਉਪਲਬਧ ਹੈ।
ਜੇ ਤੁਸੀਂ ਤੁਰੰਤ ਖ਼ਤਰੇ ਵਿਚ ਹੋ, ਤਾਂ ਟ੍ਰਿਪਲ ਜ਼ੀਰੋ (000) ਨੂੰ ਕਾਲ ਕਰੋ।
ਤੁਸੀਂ 1800RESPECT (1800 737 732), ਆਸਟ੍ਰੇਲੀਆ ਦੀ ਰਾਸ਼ਟਰੀ ਜਿਨਸੀ ਸ਼ੋਸ਼ਣ ਅਤੇ ਘਰੇਲੂ ਹਿੰਸਾ ਸਹਾਇਤਾ ਸੇਵਾ ਨਾਲ ਸੰਪਰਕ ਕਰ ਸਕਦੇ ਹੋ। ਇਹ ਮੁਫਤ, ਗੁਪਤ ਅਤੇ ਦਿਨ ਵਿੱਚ 24 ਘੰਟੇ, ਹਫ਼ਤੇ ਵਿੱਚ 7 ਦਿਨ ਉਪਲਬਧ ਹੈ। ਜੇ ਤੁਸੀਂ ਕਾਲ ਕਰਨਾ ਪਸੰਦ ਨਹੀਂ ਕਰਦੇ ਹੋ ਤਾਂ ਤੁਸੀਂ ਔਨਲਾਈਨ ਚੈਟ ਜਾਂ ਟੈਕਸਟ ਦੀ ਵਰਤੋਂ ਵੀ ਕਰ ਸਕਦੇ ਹੋ।
ਜਿਵੇਂ ਹੀ ਤੁਸੀਂ ਸਮਰੱਥ ਮਹਿਸੂਸ ਕਰਦੇ ਹੋ ਡਾਕਟਰੀ ਦੇਖਭਾਲ ਲੈਣਾ ਇੱਕ ਚੰਗਾ ਵਿਚਾਰ ਹੈ। ਸਿਹਤ ਸੰਭਾਲ ਪੇਸ਼ੇਵਰ ਇਹ ਕਰ ਸਕਦਾ ਹੈ:
- ਕਿਸੇ ਵੀ ਸੱਟਾਂ ਦੀ ਜਾਂਚ ਕਰਨਾ ਅਤੇ ਦੇਖਭਾਲ ਪ੍ਰਦਾਨ ਕਰਨਾ
- ਗਰਭ ਅਵਸਥਾ ਦੇ ਜੋਖਮ ਨੂੰ ਘੱਟ ਕਰਨ ਲਈ ਐਮਰਜੈਂਸੀ ਗਰਭ ਨਿਰੋਧਕ ਦੀ ਪੇਸ਼ਕਸ਼ ਕਰਨਾ
- ਐਸਟੀਆਈ ਲਈ ਟੈਸਟਿੰਗ ਜਾਂ ਇਲਾਜ ਬਾਰੇ ਚਰਚਾ ਕਰਨਾ
- ਤੁਹਾਨੂੰ ਸਲਾਹ ਅਤੇ ਸਹਾਇਤਾ ਸੇਵਾਵਾਂ ਨਾਲ ਜੋੜਨਾ
ਤੁਸੀਂ ਚੁਣ ਸਕਦੇ ਹੋ ਕਿ ਸ਼ੋਸ਼ਣ ਬਾਰੇ ਪੁਲਿਸ ਨੂੰ ਰਿਪੋਰਟ ਕਰਨੀ ਹੈ ਜਾਂ ਨਹੀਂ। ਇਹ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ, ਅਤੇ ਇੱਕ ਸਹਾਇਤਾ ਸੇਵਾ ਤੁਹਾਡੇ ਵਿਕਲਪਾਂ ਨੂੰ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
ਤੁਹਾਨੂੰ ਇਕੱਲੇ ਇਹ ਸਬ ਕਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਵੀ ਤੁਸੀਂ ਸੰਪਰਕ ਕਰਨ ਲਈ ਤਿਆਰ ਹੁੰਦੇ ਹੋ ਤਾਂ ਸਹਾਇਤਾ ਉਪਲਬਧ ਹੁੰਦੀ ਹੈ।
ਤੁਸੀਂ ਇਸ ਬਾਰੇ ਹੋਰ ਜਾਣਕਾਰੀ ਇੱਥੇ ਪ੍ਰਾਪਤ ਕਰ ਸਕਦੇ ਹੋ ਕਿ ਜੇ ਤੁਹਾਡੇ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਹੈ ਤਾਂ ਕੀ ਕਰਨਾ ਹੈ।
ਸਿਹਤ ਸੰਭਾਲ ਪ੍ਰਣਾਲੀ ਵਿਚ ਗੋਪਨੀਯਤਾ
ਤੁਹਾਡੀ ਸਿਹਤ ਸੰਭਾਲ ਟੀਮ ਤੁਹਾਡੀ ਮੈਡੀਕੇਅਰ ਜਾਣਕਾਰੀ ਦੇਖ ਸਕਦੀ ਹੈ।
ਇਸਦੇ ਨਾਲ ਹੀ, ਜੇਕਰ ਤੁਸੀਂ ਸਾਂਝੇ ਮੈਡੀਕੇਅਰ ਕਾਰਡ 'ਤੇ ਹੋ ਅਤੇ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹੋ , ਤਾਂ ਕਾਰਡ 'ਤੇ ਹੋਰ ਲੋਕ ਤੁਹਾਡੇ ਦੁਆਰਾ ਕੀਤੇ ਗਏ ਮੈਡੀਕੇਅਰ ਦਾਅਵਿਆਂ ਨੂੰ ਦੇਖ ਸਕਦੇ ਹਨ। ਇਸ ਵਿੱਚ ਮੁਲਾਕਾਤ ਦੀ ਮਿਤੀ, ਸਿਹਤ ਸੰਭਾਲ ਪੇਸ਼ੇਵਰ ਦਾ ਨਾਮ, ਲਾਗਤ ਅਤੇ ਮੁਲਾਕਾਤ ਦੀ ਕਿਸਮ (ਅਰਥਾਤ, ਦਾਅਵਾ ਕੀਤਾ ਗਿਆ ਆਈਟਮ ਨੰਬਰ) ਸ਼ਾਮਲ ਹੋ ਸਕਦਾ ਹੈ। ਇਸਦੇ ਕਾਰਨ, ਕਾਰਡ 'ਤੇ ਮੌਜੂਦ ਦੂਸਰੇ ਲੋਕ ਇਹ ਦੱਸਣ ਦੇ ਯੋਗ ਹੋ ਸਕਦੇ ਹਨ ਕਿ ਕੀ ਤੁਸੀਂ ਗਰਭ ਨਿਰੋਧਕ ਦੀ ਵਰਤੋਂ ਕਰ ਰਹੇ ਹੋ, ਤੁਸੀਂ ਕਿਸ ਕਿਸਮ ਦੀ ਗਰਭ ਨਿਰੋਧਕ ਵਰਤ ਰਹੇ ਹੋ, ਜਾਂ ਤੁਹਾਡੀ ਜਿਨਸੀ ਅਤੇ ਪ੍ਰਜਨਨ ਸਿਹਤ ਬਾਰੇ ਹੋਰ ਜਾਣਕਾਰੀ ਵੀ ਜਾਣ ਸਕਦੇ ਹਨ। ਜੇ ਤੁਹਾਡੀ ਉਮਰ 15 ਸਾਲ ਜਾਂ ਇਸ ਤੋਂ ਵੱਧ ਹੈ, ਤਾਂ ਤੁਸੀਂ ਆਪਣਾ ਖੁਦਾ ਦਾ ਮੈਡੀਕੇਅਰ ਕਾਰਡ ਪ੍ਰਾਪਤ ਕਰ ਸਕਦੇ ਹੋ। ਹੋਰ ਜਾਣਨ ਲਈ ਸਰਵਿਸਿਜ਼ ਆਸਟ੍ਰੇਲੀਆ (Services Australia)ਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ 'ਤੇ ਜਾਓ।
ਮਾਈ ਹੈਲਥ ਰਿਕਾਰਡ ਤੁਹਾਡੀ ਸਿਹਤ ਜਾਣਕਾਰੀ ਦਾ ਸੁਰੱਖਿਅਤ ਡਿਜੀਟਲ ਰਿਕਾਰਡ ਹੈ। ਹਰ ਆਸਟ੍ਰੇਲੀਅਨ ਕੋਲ ਹੁਣ ਮਾਈ ਹੈਲਥ ਰਿਕਾਰਡ ਹੈ ਬਸ਼ਰਤੇ ਉਹਨਾਂ ਨੇ ਜਨਵਰੀ 2019 ਦੇ ਅੰਤ ਤੋਂ ਪਹਿਲਾਂ 'ਬਾਹਰ ਨਿਕਲਣ ਦਾ ਚੋਣ' ਜਾਂ ਇਸਨੂੰ ਰੱਦ ਨਾ ਕਰ ਦਿੱਤਾ ਹੋਵੇ।
ਜੇ ਤੁਸੀਂ 14 ਸਾਲ ਤੋਂ ਘੱਟ ਉਮਰ ਦੇ ਹੋ, ਤਾਂ ਤੁਹਾਡੇ ਮਾਈ ਹੈਲਥ ਰਿਕਾਰਡ 'ਤੇ ਤੁਹਾਡੇ ਮਾਪੇ ਜਾਂ ਸਰਪ੍ਰਸਤ ਆਪਣੇ ਆਪ ਨਾਮਜ਼ਦ ਪ੍ਰਤੀਨਿਧੀ ਵਜੋਂ ਹੋਣਗੇ। ਇਸਦਾ ਮਤਲਬ ਹੈ ਕਿ ਉਹ ਤੁਹਾਡੇ ਦਸਤਾਵੇਜ਼ਾਂ ਨੂੰ ਵੇਖਣ ਜਾਂ ਤੁਹਾਡੇ ਰਿਕਾਰਡ ਵਿੱਚ ਜਾਣਕਾਰੀ ਅਪਲੋਡ ਕਰਨ ਅਤੇ ਜੋੜਨ ਦੇ ਯੋਗ ਹੋਣਗੇ। ਜਦੋਂ ਤੁਸੀਂ 14 ਸਾਲ ਦੇ ਹੋ ਜਾਂਦੇ ਹੋ, ਤਾਂ ਤੁਸੀਂ ਆਪਣਾ ਮਾਈ ਹੈਲਥ ਰਿਕਾਰਡ ਦਾ ਪ੍ਰਬੰਧਨ ਕਰ ਸਕਦੇ ਹੋ। ਇਸਦਾ ਮਤਲਬ ਇਹ ਹੈ ਕਿ ਤੁਸੀਂ ਚੁਣ ਸਕਦੇ ਹੋ ਕਿ ਕੀ ਤੁਸੀਂ ਆਪਣੇ ਮਾਪਿਆਂ, ਸਰਪ੍ਰਸਤ ਜਾਂ ਕਿਸੇ ਹੋਰ ਭਰੋਸੇਮੰਦ ਵਿਅਕਤੀ ਤੱਕ ਪਹੁੰਚ ਪ੍ਰਦਾਨ ਕਰਨਾ ਚਾਹੁੰਦੇ ਹੋ। ਆਪਣੀ ਪਹੁੰਚ ਦਾ ਪ੍ਰਬੰਧਨ ਕਰਨ ਦੇ ਤਰੀਕੇ ਬਾਰੇ ਹੋਰ ਜਾਣਨ ਲਈ, ਆਪਣੇ ਰਿਕਾਰਡ ਦਾ ਪ੍ਰਬੰਧਨ ਕਰਨਾਇੱਕ ਨਵੀਂ ਟੈਬ ਵਿੱਚ ਖੁੱਲ੍ਹਦਾ ਹੈ 'ਤੇ ਜਾਓ।
ਬੇਦਾਅਵਾ
ਇਹ ਸਾਧਨ ਗਰਭ ਨਿਰੋਧਕ ਬਾਰੇ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ ਅਤੇ ਡਾਕਟਰੀ ਸਲਾਹ ਦੀ ਥਾਂ ਨਹੀਂ ਲੈਂਦਾ ਹੈ। ਆਪਣੀਆਂ ਵਿਅਕਤੀਗਤ ਜ਼ਰੂਰਤਾਂ ਮੁਤਾਬਕ ਸਲਾਹ ਲਈ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ। ਇਸ ਟੂਲ ਦੀ ਵਰਤੋਂ ਕਰਕੇ, ਤੁਸੀਂ ਸਾਡੀ ਵਰਤੋਂ ਦੀਆਂ ਸ਼ਰਤਾਂ ਨਾਲ ਸਹਿਮਤ ਹੋ। ਇਹ ਜਾਣੋ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਇਕੱਠੀ ਕਰਦੇ ਅਤੇ ਸੁਰੱਖਿਅਤ ਰੱਖਦੇ ਹਾਂ। ਤੁਸੀਂ ਸਾਡੀ ਬਾਲ-ਅਨੁਕੂਲ ਸੰਗ੍ਰਹਿ ਨੀਤੀ ਵੀ ਪੜ੍ਹ ਸਕਦੇ ਹੋ।
ਪਿਛਲੀ ਵਾਰ ਸਮੀਖਿਆ ਕੀਤੀ ਗਈ: ਅਗਸਤ 2026