ਅੰਦਰੂਨੀ ਕੰਡੋਮ
ਸੰਭੋਗ ਤੋਂ ਪਹਿਲਾਂ ਯੋਨੀ (ਜਾਂ ਗੁਦਾ) ਦੇ ਅੰਦਰ ਰੱਖੀ ਇੱਕ ਨਰਮ ਥੈਲੀ।
ਸੰਖੇਪ ਜਾਣਕਾਰੀ
ਕੀ ਇਸ ਦਾ ਕੋਈ ਹੋਰ ਨਾਮ ਹੈ?
ਔਰਤਾਂ ਲਈ ਕੰਡੋਮ, ਫ਼ੇਮੀਡਮ।
ਇਹ ਕੀ ਹੈ?
ਸੰਭੋਗ ਤੋਂ ਪਹਿਲਾਂ ਯੋਨੀ (ਜਾਂ ਗੁਦਾ) ਦੇ ਅੰਦਰ ਰੱਖੀ ਇੱਕ ਨਰਮ ਥੈਲੀ। ਇਹ ਨਾਈਟ੍ਰਾਈਲ (ਗੈਰ-ਲੈਟੇਕਸ ਪਲਾਸਟਿਕ) ਤੋਂ ਬਣਾਇਆ ਗਿਆ ਹੁੰਦਾ ਹੈ ਅਤੇ ਇਸ ਨੂੰ ਜਗ੍ਹਾ 'ਤੇ ਰੱਖਣ ਲਈ ਦੋ ਲਚਕਦਾਰ ਰਿੰਗ ਹੁੰਦੇ ਹਨ।
ਇਸ ਦੀ ਵਰਤੋਂ ਕਿਸ ਲਈ ਕੀਤੀ ਜਾ ਸਕਦੀ ਹੈ?
- ਗਰਭ ਅਵਸਥਾ ਨੂੰ ਰੋਕਣਾ।
- STI ਦੇ ਸੰਚਾਰ ਨੂੰ ਘਟਾਉਣਾ।
ਇਹ ਕਿਵੇਂ ਕੰਮ ਕਰਦਾ ਹੈ
ਇਹ ਕਿਵੇਂ ਕੰਮ ਕਰਦਾ ਹੈ?
ਅੰਦਰੂਨੀ ਕੰਡੋਮ ਯੋਨੀ ਨੂੰ ਲਾਈਨ ਕਰਦਾ ਹੈ ਅਤੇ ਬਾਹਰੀ ਜਣਨ ਅੰਗਾਂ ਦੇ ਕੁਝ ਹਿੱਸੇ ਨੂੰ ਢੱਕਦਾ ਹੈ, ਜਿਸ ਨਾਲ ਸਰੀਰਕ ਤਰਲ ਪਦਾਰਥਾਂ ਵਿਚਕਾਰ ਇੱਕ ਰੁਕਾਵਟ ਪੈਦਾ ਹੁੰਦੀ ਹੈ। ਇਹ ਵੀਰਜ ਇਕੱਠਾ ਕਰਦਾ ਹੈ ਤਾਂ ਜੋ ਸ਼ੁਕਰਾਣੂ ਯੋਨੀ ਵਿੱਚ ਦਾਖਲ ਨਾ ਹੋ ਸਕੇ ਅਤੇ ਅੰਡੇ ਫਰਟੀਲਾਈਜ ਨਾ ਹੋ ਸਕਣ।
ਇਹ ਸਰੀਰਕ ਤਰਲ ਪਦਾਰਥਾਂ ਨਾਲ ਸੰਪਰਕ ਨੂੰ ਸੀਮਤ ਕਰਕੇ STI ਦੇ ਖ਼ਤਰੇ ਨੂੰ ਵੀ ਘਟਾਉਂਦਾ ਹੈ।
ਜੇਕਰ ਚਾਹੋ, ਤਾਂ ਸੰਭੋਗ ਕਰਨ ਤੋਂ ਕਈ ਘੰਟੇ ਪਹਿਲਾਂ ਇਸ ਨੂੰ ਯੋਨੀ (ਜਾਂ ਗੁਦਾ) ਵਿੱਚ ਰੱਖਿਆ ਜਾ ਸਕਦਾ ਹੈ। ਖਾਸ ਸਮੇਂ ਵਾਸਤੇ ਪੈਕਟ ਦੀ ਜਾਂਚ ਕਰੋ।
ਇਹ ਕਿੰਨੀ ਜਲਦੀ ਕੰਮ ਕਰਨਾ ਸ਼ੁਰੂ ਕਰਦਾ ਹੈ?
ਜਿਵੇਂ ਹੀ ਅੰਦਰੂਨੀ ਕੰਡੋਮ ਨੂੰ ਯੋਨੀ ਵਿੱਚ ਸਹੀ ਢੰਗ ਨਾਲ ਰੱਖਿਆ ਜਾਂਦਾ ਹੈ, ਇਹ ਗਰਭ ਅਵਸਥਾ ਨੂੰ ਰੋਕਣ ਲਈ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਪਰ, ਕਿਸੇ ਵੀ ਜਣਨ ਅੰਗ ਸੰਪਰਕ ਦੇ ਵਾਪਰਨ ਤੋਂ ਪਹਿਲਾਂ ਇਹ ਲਾਜ਼ਮੀ ਤੌਰ 'ਤੇ ਆਪਣੀ ਥਾਂ 'ਤੇ ਹੋਣਾ ਚਾਹੀਦਾ ਹੈ।
ਪ੍ਰਭਾਵਸ਼ੀਲਤਾ
ਇਹ ਗਰਭ ਅਵਸਥਾ ਨੂੰ ਰੋਕਣ ਵਿੱਚ ਕਿੰਨਾ ਪ੍ਰਭਾਵਸ਼ਾਲੀ ਹੈ?
ਆਮ ਵਰਤੋਂ: 79٪ ਪ੍ਰਭਾਵਸ਼ਾਲੀ।
ਸਹੀ ਵਰਤੋਂ: 95٪ ਪ੍ਰਭਾਵਸ਼ਾਲੀ।
ਸੰਪੂਰਨ ਵਰਤੋਂ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ?
- ਇਹ ਯਕੀਨੀ ਬਣਾਓ ਕਿ ਅੰਦਰੂਨੀ ਕੰਡੋਮ ਦੀ ਮਿਆਦ ਸਮਾਪਤ ਨਹੀਂ ਹੋਈ ਹੈ।
- ਪੈਕਟ ਨੂੰ ਧਿਆਨ ਨਾਲ ਖੋਲ੍ਹੋ, ਇਹ ਯਕੀਨੀ ਬਣਾਓ ਕਿ ਅੰਦਰੂਨੀ ਕੰਡੋਮ ਫਟ ਨਾ ਜਾਵੇ।
- ਇਸ ਤੋਂ ਪਹਿਲਾਂ ਕਿ ਕੋਈ ਵੀ ਜਣਨ ਅੰਗ ਸੰਪਰਕ ਵਾਪਰੇ, ਅੰਦਰੂਨੀ ਕੰਡੋਮ ਨੂੰ ਯੋਨੀ ਜਾਂ ਗੁਦਾ ਵਿੱਚ ਰੱਖੋ।
- ਇਸਨੂੰ ਸਹੀ ਤਰੀਕੇ ਨਾਲ ਦਾਖਲ ਕਰੋ ਤਾਂ ਜੋ ਅੰਦਰੂਨੀ ਰਿੰਗ ਯੋਨੀ ਦੇ ਅੰਦਰ ਬੈਠ ਜਾਵੇ, ਅਤੇ ਬਾਹਰੀ ਰਿੰਗ ਸਰੀਰ ਦੇ ਬਾਹਰ ਰਹੇ।
- ਇਹ ਯਕੀਨੀ ਬਣਾਓ ਕਿ ਅੰਦਰੂਨੀ ਕੰਡੋਮ ਮਰੋੜਿਆ ਨਾ ਹੋਵੇ।
- ਹਰ ਵਾਰ ਲਿੰਗ ਨੂੰ ਅੰਦਰੂਨੀ ਕੰਡੋਮ ਵਿੱਚ ਪਾਓ।
- ਹਰ ਵਾਰ ਜਦ ਵੀ ਤੁਸੀਂ ਸੰਭੋਗ ਕਰਦੇ ਹੋ (ਜੇ ਤੁਸੀਂ ਲਗਾਤਾਰ ਕਈ ਵਾਰ ਸੰਭੋਗ ਕਰਦੇ ਹੋ) ਅਤੇ ਜੇ ਤੁਸੀਂ ਵੱਖ-ਵੱਖ ਕਿਸਮਾਂ ਦੇ ਸੰਭੋਗ ਵਿਚਕਾਰ ਅਦਲਾ-ਬਦਲੀ ਕਰਦੇ ਹੋ (ਉਦਾਹਰਨ ਲਈ, ਯੋਨੀ ਤੋਂ ਗੁਦਾ ਸੰਭੋਗ) ਤਾਂ ਹਰ ਵਾਰ ਇੱਕ ਨਵੇਂ ਅੰਦਰੂਨੀ ਕੰਡੋਮ ਦੀ ਵਰਤੋਂ ਕਰੋ।
- ਸੰਭੋਗ ਤੋਂ ਬਾਅਦ ਇਸ ਨੂੰ ਧਿਆਨ ਨਾਲ ਹਟਾਓ, ਇਹ ਸੁਨਿਸ਼ਚਿਤ ਕਰੋ ਕਿ ਵੀਰਜ ਬਾਹਰ ਨਾ ਨਿਕਲੇ ਜਾਂ ਜਣਨ ਅੰਗਾਂ ਦੇ ਸੰਪਰਕ ਵਿੱਚ ਨਾ ਆਵੇ। ਇਸ ਨੂੰ ਕੂੜੇਦਾਨ ਵਿੱਚ ਸੁੱਟ ਦਿਓ, ਇਸਨੂੰ ਟਾਇਲਟ ਵਿੱਚ ਫਲੱਸ਼ ਨਾ ਕਰੋ।
- ਇਸ ਨੂੰ ਬਾਹਰੀ ਕੰਡੋਮ ਦੇ ਨਾਲ ਇਕੱਠਿਆਂ ਨਾ ਵਰਤੋ।
ਕੰਡੋਮ ਦੇ ਟੁੱਟਣ, ਤਿਲਕਣ ਜਾਂ ਇਕੱਠੇ ਹੋਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਅੰਦਰੂਨੀ ਕੰਡੋਮ ਦੇ ਨਾਲ ਲੁਬਰੀਕੈਂਟ (ਲੂਬ) ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਪਹਿਲਾਂ ਤੋਂ ਲੁਬਰੀਕੇਟ ਕੀਤਾ ਹੁੰਦਾ ਹੈ, ਪਰ ਹੋਰ ਕੀਤਾ ਜਾ ਸਕਦਾ ਹੈ। ਅੰਦਰੂਨੀ ਕੰਡੋਮ ਦੀ ਵਰਤੋਂ ਪਾਣੀ, ਤੇਲ ਜਾਂ ਸਿਲੀਕੋਨ-ਆਧਾਰਿਤ ਲੁਬਰੀਕੈਂਟਸ ਨਾਲ ਕੀਤੀ ਜਾ ਸਕਦੀ ਹੈ।
ਕੀ ਗਰਭ ਅਵਸਥਾ ਨੂੰ ਰੋਕਣ ਵਿੱਚ ਕੋਈ ਚੀਜ਼ ਇਸ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦੀ ਹੈ?
ਅੰਦਰੂਨੀ ਕੰਡੋਮ ਦੀ ਪ੍ਰਭਾਵਸ਼ੀਲਤਾ ਘੱਟ ਹੋ ਸਕਦੀ ਹੈ ਜੇ:
- ਹਰ ਵਾਰ ਜਦ ਵੀ ਤੁਸੀਂ ਸੰਭੋਗ ਕਰਦੇ ਹੋ ਤਾਂ ਇਹਨਾਂ ਦੀ ਵਰਤੋਂ ਨਹੀਂ ਕਰਦੇ
- ਇਹਨਾਂ ਦੀ ਵਰਤੋਂ ਸ਼ੁਰੂ ਤੋਂ ਲੈਕੇ ਅੰਤ ਤੱਕ ਨਹੀਂ ਕੀਤੀ ਜਾਂਦੀ – ਸੰਭੋਗ ਸ਼ੁਰੂ ਹੋਣ ਤੋਂ ਬਾਅਦ ਇਸਨੂੰ ਪਾ ਦੇਣਾ, ਜਾਂ ਸੰਭੋਗ ਖਤਮ ਹੋਣ ਤੋਂ ਪਹਿਲਾਂ ਇਸਨੂੰ ਹਟਾਉਣਾ
- ਇਹਨਾਂ ਨੂੰ ਸਹੀ ਢੰਗ ਨਾਲ ਦਾਖਲ ਨਹੀਂ ਕੀਤਾ ਗਿਆ ਹੈ
- ਲਿੰਗ ਨੂੰ ਇਸ ਵਿੱਚ ਪਾਇਆ ਨਹੀਂ ਜਾਂਦਾ - ਇਸ ਨਾਲ ਲਿੰਗ ਕੰਡੋਮ ਦੇ ਅੰਦਰ ਜਾਣ ਦੀ ਬਜਾਏ ਇਸਦੇ ਹੇਠਾਂ ਦਾਖਲ ਹੋ ਸਕਦਾ ਹੈ।
- ਸੰਭੋਗ ਦੌਰਾਨ ਉਹ ਤਿਲਕ ਜਾਂਦੇ ਹਨ, ਇਕੱਠੇ ਹੋ ਜਾਂਦੇ ਹਨ ਜਾਂ ਜਗ੍ਹਾ ਤੋਂ ਬਾਹਰ ਚਲੇ ਜਾਂਦੇ ਹਨ
- ਇਹ ਟੁੱਟ ਜਾਂਦੇ ਹਨ ਜਾਂ ਖਰਾਬ ਹੋ ਜਾਂਦੇ ਹਨ - ਇਹ ਉਦੋਂ ਵਾਪਰ ਸਕਦਾ ਹੈ ਜੇ ਇਹਨਾਂ ਨੂੰ ਕਿਸੇ ਤਿੱਖੀ ਵਸਤੂ ਨਾਲ ਖੋਲ੍ਹਿਆ ਜਾਂਦਾ ਹੈ (ਜਿਵੇਂ ਉਂਗਲਾਂ ਦੇ ਨਹੁੰ, ਦੰਦ ਜਾਂ ਗਹਿਣੇ) ਜਾਂ ਇਹਨਾਂ ਦੀ ਵਰਤੋਂ ਮਿਆਦ ਪੁੱਗਣ ਦੀ ਤਾਰੀਖ਼ ਤੋਂ ਬਾਅਦ ਕੀਤੀ ਜਾਂਦੀ ਹੈ
- ਇਹਨਾਂ ਦੀ ਵਰਤੋਂ ਬਾਹਰੀ ਕੰਡੋਮ ਦੇ ਨਾਲ ਕੀਤੀ ਜਾਂਦੀ ਹੈ – ਅੰਦਰੂਨੀ ਅਤੇ ਬਾਹਰੀ ਕੰਡੋਮ ਦੀ ਇਕੱਠਿਆਂ ਵਰਤੋਂ ਕਰਨਾ ਰਗੜ ਕਰਕੇ ਟੁੱਟਣ ਦਾ ਕਾਰਨ ਬਣ ਸਕਦਾ ਹੈ
- ਇਹਨਾਂ ਨੂੰ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤਾ ਜਾਂਦਾ – ਗਰਮੀ ਜਾਂ ਪੈਕੇਜਿੰਗ ਨੂੰ ਨੁਕਸਾਨ ਕੰਡੋਮ ਨੂੰ ਕਮਜ਼ੋਰ ਕਰ ਸਕਦਾ ਹੈ
ਕੀ ਇਹ ਜਿਨਸੀ ਤੌਰ 'ਤੇ ਫੈਲਣ ਵਾਲੀਆਂ ਲਾਗਾਂ (STIs) ਨੂੰ ਰੋਕਦਾ ਹੈ?
ਹਾਂ। ਜਦੋਂ ਸਹੀ ਢੰਗ ਨਾਲ ਵਰਤਿਆ ਜਾਂਦਾ ਹੈ, ਤਾਂ ਅੰਦਰੂਨੀ ਕੰਡੋਮ STI ਤੋਂ ਬਚਾਉਂਦੇ ਹਨ। ਹਾਲਾਂਕਿ, ਉਹ ਬਾਹਰੀ ਕੰਡੋਮ ਨਾਲੋਂ ਘੱਟ ਪ੍ਰਭਾਵਸ਼ਾਲੀ ਹੁੰਦੇ ਹਨ।
ਵਰਤੋਂ ਅਤੇ ਵਿਚਾਰ
ਇਸ ਨੂੰ ਕਿੰਨ੍ਹੀ ਕੁ ਵਕਫੇ ਬਾਅਦ ਵਰਤਣ ਜਾਂ ਬਦਲਣ ਦੀ ਲੋੜ ਹੁੰਦੀ ਹੈ?
ਹਰ ਵਾਰ ਜਦ ਵੀ ਤੁਸੀਂ ਸੰਭੋਗ ਕਰਦੇ ਹੋ ਤਾਂ ਸ਼ੁਰੂ ਤੋਂ ਲੈਕੇ ਅੰਤ ਤੱਕ, ਇੱਕ ਨਵੇਂ ਅੰਦਰੂਨੀ ਕੰਡੋਮ ਦੀ ਵਰਤੋਂ ਕਰਨ ਦੀ ਲੋੜ ਹੁੰਦੀ ਹੈ। ਅੰਦਰੂਨੀ ਕੰਡੋਮ ਸਿਰਫ ਇੱਕ ਵਾਰ ਵਰਤੋਂ ਲਈ ਹੁੰਦੇ ਹਨ ਅਤੇ ਇਹਨਾਂ ਨੂੰ ਕਦੇ ਵੀ ਦੁਬਾਰਾ ਨਹੀਂ ਵਰਤਿਆ ਜਾਣਾ ਚਾਹੀਦਾ।
ਤੁਹਾਨੂੰ ਨਵੇਂ ਅੰਦਰੂਨੀ ਕੰਡੋਮ ਦੀ ਵਰਤੋਂ ਕਰਨੀ ਚਾਹੀਦੀ ਹੈ ਜੇ:
- ਵੀਰਯਭੋਗ ਤੋਂ ਬਾਅਦ ਸੰਭੋਗ ਜਾਰੀ ਰਹਿੰਦਾ ਹੈ
- ਕੰਡੋਮ ਫੱਟ ਜਾਂਦਾ ਹੈ, ਤਿਲਕ ਜਾਂਦਾ ਹੈ, ਥਾਂ ਤੋਂ ਬਾਹਰ ਚਲਾ ਜਾਂਦਾ ਹੈ ਜਾਂ ਬਾਹਰ ਕੱਢਿਆ ਜਾਂਦਾ ਹੈ
- ਤੁਸੀਂ ਵੱਖ-ਵੱਖ ਕਿਸਮਾਂ ਦੇ ਸੰਭੋਗ ਵਿਚਕਾਰ ਅਦਲਾ-ਬਦਲੀ ਕਰਦੇ ਹੋ
ਕੀ ਕੋਈ ਇਹ ਪਤਾ ਲਗਾ ਸਕੇਗਾ ਕਿ ਮੈਂ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰ ਰਹੀ ਹਾਂ?
ਜੇ ਤੁਸੀਂ ਅੰਦਰੂਨੀ ਕੰਡੋਮ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਅਤੇ ਤੁਹਾਡੇ ਸਾਥੀ(ਆਂ) ਦੋਨਾਂ ਨੂੰ ਪਤਾ ਹੋਵੇਗਾ, ਕਿਉਂਕਿ ਸੰਭੋਗ ਦੇ ਸਮੇਂ ਅੰਦਰੂਨੀ ਕੰਡੋਮ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸਾਥੀ ਦੀ ਸ਼ਮੂਲੀਅਤ ਦੀ ਲੋੜ ਹੁੰਦੀ ਹੈ।
ਸੁਰੱਖਿਆ ਅਤੇ ਮਾੜੇ ਪ੍ਰਭਾਵ
ਕੀ ਇਸ ਦੇ ਕੋਈ ਮਾੜੇ ਪ੍ਰਭਾਵ ਹਨ?
ਅੰਦਰੂਨੀ ਕੰਡੋਮ ਦੀ ਵਰਤੋਂ ਕਰਦੇ ਸਮੇਂ ਜ਼ਿਆਦਾਤਰ ਲੋਕਾਂ ਨੂੰ ਕੋਈ ਮਾੜੇ ਪ੍ਰਭਾਵ ਨਹੀਂ ਹੁੰਦੇ, ਪਰ ਬਹੁਤ ਘੱਟ ਲੋਕਾਂ ਨੂੰ ਹਲਕੇ ਮਾੜੇ ਪ੍ਰਭਾਵ ਦਿਖਾਈ ਦੇ ਸਕਦੇ ਹਨ ਜਿਵੇਂ ਕਿ:
- ਅਕਸਰ ਰਗੜ ਦੇ ਕਾਰਨ ਯੋਨੀ, ਵਲਵਾ, ਲਿੰਗ ਜਾਂ ਗੁਦਾ ਵਿੱਚ ਚਮੜੀ ਦੀ ਜਲੂਣ। ਆਮ ਤੌਰ 'ਤੇ ਵਧੇਰੇ ਲੁਬਰੀਕੈਂਟ ਦੀ ਵਰਤੋਂ ਕਰਕੇ ਇਸ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ
- ਐਲਰਜੀ ਵਾਲੀਆਂ ਪ੍ਰਤੀਕਿਰਿਆਵਾਂ ਦੁਰਲੱਭ ਹੁੰਦੀਆਂ ਹਨ, ਪਰ ਇਹ ਖੁਜਲੀ, ਲਾਲੀ ਜਾਂ ਸੋਜਸ਼ ਦਾ ਕਾਰਨ ਬਣ ਸਕਦੀਆਂ ਹਨ
ਕੀ ਕੋਈ ਅਜਿਹੀਆਂ ਸਿਹਤ ਅਵਸਥਾਵਾਂ ਜਾਂ ਜੀਵਨਸ਼ੈਲੀ ਕਾਰਕ ਹਨ ਜੋ ਮੈਨੂੰ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ?
ਜ਼ਿਆਦਾਤਰ ਲੋਕ ਅੰਦਰੂਨੀ ਕੰਡੋਮ ਨੂੰ ਸੁਰੱਖਿਅਤ ਤਰੀਕੇ ਨਾਲ ਵਰਤ ਸਕਦੇ ਹਨ। ਹੋ ਸਕਦਾ ਹੈ ਇਹ ਤੁਹਾਡੇ ਲਈ ਢੁਕਵੇਂ ਨਾ ਹੋਣ ਜੇ ਤੁਸੀਂ ਉਸ ਸਮੱਗਰੀ ਪ੍ਰਤੀ ਸੰਵੇਦਨਸ਼ੀਲ ਜਾਂ ਐਲਰਜੀ ਵਾਲੇ ਹੋ ਜਿਸ ਤੋਂ ਇਹ ਬਣੇ ਹਨ, ਜਾਂ ਜੇ ਤੁਹਾਨੂੰ ਇਹ ਪਾਉਣ ਵਿੱਚ ਮੁਸ਼ਕਲ ਆਉਂਦੀ ਹੈ।
ਪਹੁੰਚ ਅਤੇ ਲਾਗਤ
ਮੈਂ ਇਸ ਤੱਕ ਕਿਵੇਂ ਪਹੁੰਚ ਕਰਾਂ?
ਅੰਦਰੂਨੀ ਕੰਡੋਮ ਨੂੰ ਕਿਸੇ ਡਾਕਟਰੀ ਨੁਸਖੇ ਦੀ ਲੋੜ ਨਹੀਂ ਹੁੰਦੀ ਅਤੇ ਇਹਨਾਂ ਨੂੰ ਏਥੇ ਖਰੀਦਿਆ ਜਾ ਸਕਦਾ ਹੈ:
- ਆਸਟਰੇਲੀਆ ਭਰ ਵਿੱਚ ਕੁਝ ਫਾਰਮੇਸੀਆਂ
- ਕੁਝ ਜਿਨਸੀ ਅਤੇ ਪ੍ਰਜਨਨ ਸਿਹਤ ਕਲੀਨਿਕ
- ਆਨਲਾਈਨ ਸਟੋਰ
ਅੰਦਰੂਨੀ ਕੰਡੋਮ ਬਾਹਰੀ ਕੰਡੋਮ ਜਿੰਨਾ ਵਿਆਪਕ ਤੌਰ 'ਤੇ ਉਪਲਬਧ ਨਹੀਂ ਹੁੰਦਾ ਹੈ ਅਤੇ ਇਸਨੂੰ ਲੱਭਣਾ ਵਧੇਰੇ ਮੁਸ਼ਕਿਲ ਹੋ ਸਕਦਾ ਹੈ।
ਮੈਨੂੰ ਕਿਹੜੇ ਖਰਚਿਆਂ 'ਤੇ ਵਿਚਾਰ ਕਰਨ ਦੀ ਲੋੜ ਹੈ?
ਅੰਦਰੂਨੀ ਕੰਡੋਮ ਦੀ ਕੀਮਤ $2-9 ਦੇ ਵਿਚਕਾਰ ਹੁੰਦੀ ਹੈ।
ਉਪਜਾਊ ਸ਼ਕਤੀ ਅਤੇ ਭਵਿੱਖ ਦੀ ਯੋਜਨਾਬੰਦੀ
ਕੀ ਇਹ ਮੇਰੀ ਭਵਿੱਖ ਦੀ ਜਣਨ ਸ਼ਕਤੀ ਨੂੰ ਪ੍ਰਭਾਵਤ ਕਰੇਗਾ?
ਨਹੀਂ, ਅੰਦਰੂਨੀ ਕੰਡੋਮ ਤੁਹਾਡੀ ਭਵਿੱਖ ਦੀ ਜਣਨ ਸ਼ਕਤੀ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ। ਜਿਵੇਂ ਤੁਸੀਂ ਇਸ ਵਿਧੀ ਦੀ ਵਰਤੋਂ ਕਰਨਾ ਬੰਦ ਕਰਦੇ ਹੋ ਤਾਂ ਤੁਸੀਂ ਗਰਭਵਤੀ ਹੋ ਸਕਦੇ ਹੋ।
ਕੀ ਮੈਂ ਬੱਚਾ ਪੈਦਾ ਕਰਨ ਤੋਂ ਬਾਅਦ ਇਸ ਕਿਸਮ ਦੇ ਗਰਭ ਨਿਰੋਧਕ ਦੀ ਵਰਤੋਂ ਕਰ ਸਕਦੀ ਹਾਂ?
ਬੱਚੇ ਦੇ ਜਨਮ ਤੋਂ ਬਾਅਦ ਅੰਦਰੂਨੀ ਕੰਡੋਮ ਨੂੰ ਤੁਰੰਤ ਸੁਰੱਖਿਅਤ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।
ਬੇਦਾਅਵਾ
ਪਿਛਲੀ ਵਾਰ ਸਮੀਖਿਆ ਕੀਤੀ ਗਈ: ਅਗਸਤ 2026