ਗਰਭ ਨਿਰੋਧਕ ਟੀਕਾ
ਹਰ 12 ਹਫਤਿਆਂ (ਲਗਭਗ 3 ਮਹੀਨੇ) ਬਾਅਦ ਲਗਾਇਆ ਜਾਣ ਵਾਲਾ ਇੱਕ ਟੀਕਾ ਜਿਸ ਵਿੱਚ ਇੱਕ ਹਾਰਮੋਨ (ਪ੍ਰੋਜੈਸਟੋਜਨ) ਹੁੰਦਾ ਹੈ।
ਸੰਖੇਪ ਜਾਣਕਾਰੀ
ਕੀ ਇਸ ਦਾ ਕੋਈ ਹੋਰ ਨਾਮ ਹੈ?
ਡੀਪੋ ਸ਼ਾਟ, ਡੀਪੋ-ਪ੍ਰੋਵੇਰਾ, ਜਨਮ ਨਿਯੰਤਰਣ ਸ਼ਾਟ।
ਇਹ ਕੀ ਹੈ?
ਇੱਕ ਟੀਕਾ ਜਿਸ ਵਿੱਚ ਇੱਕ ਹਾਰਮੋਨ (ਪ੍ਰੋਜੈਸਟੋਜਨ) ਹੁੰਦਾ ਹੈ। ਇਹ 12 ਹਫਤਿਆਂ (ਲਗਭਗ 3 ਮਹੀਨੇ) ਤੱਕ ਰਹਿੰਦਾ ਹੈ।
ਗਰਭਨਿਰੋਧਕ ਟੀਕੇ ਵਿਚਲੇ ਪ੍ਰੋਜੈਸਟੋਜਨ ਨੂੰ ਡਿਪੂ ਮੈਡਰੋਕਸੀਪ੍ਰੋਜੈਸਟਰੋਨ ਐਸੀਟੇਟ (DMPA) ਕਿਹਾ ਜਾਂਦਾ ਹੈ।
ਇਸ ਦੀ ਵਰਤੋਂ ਕਿਸ ਲਈ ਕੀਤੀ ਜਾ ਸਕਦੀ ਹੈ?
ਗਰਭਨਿਰੋਧਕ ਟੀਕੇ ਦੀਆਂ ਕੁਝ ਵਧੇਰੇ ਆਮ ਵਰਤੋਂ ਵਿੱਚ ਸ਼ਾਮਲ ਹਨ:
- ਗਰਭ ਅਵਸਥਾ ਨੂੰ ਰੋਕਣਾ
- ਪੀਰੀਅਡਾਂ ਨੂੰ ਛੱਡਣਾ
- ਮਾਹਵਾਰੀ ਦੇ ਦਰਦ ਨੂੰ ਘਟਾਉਣਾ
- ਮਾਹਵਾਰੀ ਦੇ ਭਾਰੀ ਖੂਨ ਵਗਣ ਨੂੰ ਘਟਾਉਣਾ
ਇਹ ਕਿਵੇਂ ਕੰਮ ਕਰਦਾ ਹੈ
ਇਹ ਕਿਵੇਂ ਕੰਮ ਕਰਦਾ ਹੈ?
ਗਰਭਨਿਰੋਧਕ ਟੀਕਾ ਇਹਨਾਂ ਦੁਆਰਾ ਕੰਮ ਕਰਦਾ ਹੈ:
- ਓਵੂਲੇਸ਼ਨ ਨੂੰ ਰੋਕਣਾ (ਅੰਡਕੋਸ਼ ਤੋਂ ਅੰਡੇ ਨਿਕਲਣਾ)
- ਬੱਚੇਦਾਨੀ ਦੇ ਮੂੰਹ ਦੀ ਬਲਗਮ ਨੂੰ ਸੰਘਣਾ ਕਰਨਾ ਤਾਂ ਜੋ ਸ਼ੁਕਰਾਣੂ ਫੈਲੋਪੀਅਨ ਟਿਊਬਾਂ (ਜਿੱਥੇ ਅੰਡੇ ਫਰਟੀਲਾਈਜ਼ ਹੁੰਦੇ ਹਨ) ਤੱਕ ਨਾ ਪਹੁੰਚ ਸਕਣ
- ਬੱਚੇਦਾਨੀ ਦੀ ਪਰਤ ਨੂੰ ਪਤਲਾ ਕਰਨਾ, ਜੇਕਰ ਕੋਈ ਅੰਡਾ ਫਰਟੀਲਾਈਜ਼ ਹੋ ਜਾਂਦਾ ਹੈ ਤਾਂ ਗਰਭ ਅਵਸਥਾ ਸ਼ੁਰੂ ਕਰਨ ਲਈ ਇਸਦੇ ਇਮਪਲਾਂਟ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ
ਇਹ ਕਿੰਨੀ ਜਲਦੀ ਕੰਮ ਕਰਨਾ ਸ਼ੁਰੂ ਕਰਦਾ ਹੈ?
ਗਰਭ ਅਵਸਥਾ ਨੂੰ ਰੋਕਣ ਲਈ ਗਰਭ ਨਿਰੋਧਕ ਟੀਕਾ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਸਕਦਾ ਹੈ, ਪਰ ਇਸਦਾ ਸਮਾਂ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸਨੂੰ ਆਪਣੇ ਮਾਹਵਾਰੀ ਚੱਕਰ ਵਿੱਚ ਕਦੋਂ ਲੈਣਾ ਸ਼ੁਰੂ ਕਰਦੇ ਹੋ।
ਜੇ ਤੁਸੀਂ ਆਪਣੀ ਮਾਹਵਾਰੀ ਸ਼ੁਰੂ ਹੋਣ ਦੇ ਪਹਿਲੇ 5 ਦਿਨਾਂ ਦੇ ਅੰਦਰ ਗਰਭਨਿਰੋਧਕ ਟੀਕਾ ਲਗਵਾਉਂਦੇ ਹੋ, ਤਾਂ ਤੁਸੀਂ ਤੁਰੰਤ ਸੁਰੱਖਿਅਤ ਹੋ ਜਾਂਦੇ ਹੋ।
ਜੇ ਤੁਸੀਂ ਆਪਣੀ ਪਿਛਲੀ ਮਾਹਵਾਰੀ ਸ਼ੁਰੂ ਹੋਣ ਦੇ 5 ਦਿਨਾਂ ਤੋਂ ਵਧੇਰੇ ਸਮੇਂ ਬਾਅਦ ਗਰਭਨਿਰੋਧਕ ਟੀਕਾ ਲਗਵਾਉਂਦੇ ਹੋ, ਤਾਂ ਤੁਹਾਨੂੰ ਗਰਭਅਵਸਥਾ ਤੋਂ ਸੁਰੱਖਿਅਤ ਹੋਣ ਵਿੱਚ 7 ਦਿਨ ਲੱਗਣਗੇ। ਗਰਭਅਵਸਥਾ ਨੂੰ ਰੋਕਣ ਲਈ ਬੈਕਅੱਪ ਗਰਭਨਿਰੋਧਕ (ਉਦਾਹਰਨ ਲਈ ਕੰਡੋਮ) ਦੀ ਵਰਤੋਂ ਕਰੋ ਜਾਂ ਗਰਭਅਵਸਥਾ ਨੂੰ ਰੋਕਣ ਲਈ ਪਹਿਲੇ 7 ਦਿਨਾਂ ਤੱਕ ਸੰਭੋਗ ਕਰਨ ਤੋਂ ਪਰਹੇਜ਼ ਕਰੋ।
ਪ੍ਰਭਾਵਸ਼ੀਲਤਾ
ਗਰਭ ਅਵਸਥਾ ਨੂੰ ਰੋਕਣ ਵਿੱਚ ਇਹ ਕਿੰਨਾ ਪ੍ਰਭਾਵਸ਼ਾਲੀ ਹੈ?
ਆਮ ਵਰਤੋਂ: 96٪ ਪ੍ਰਭਾਵਸ਼ਾਲੀ।
ਸਹੀ ਵਰਤੋਂ: 99.8٪ ਪ੍ਰਭਾਵਸ਼ਾਲੀ।
ਸੰਪੂਰਨ ਵਰਤੋਂ ਕਿਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ?
- ਸਮੇਂ ਸਿਰ (ਹਰ 12 ਹਫਤਿਆਂ ਬਾਅਦ) ਟੀਕਾ ਲਗਵਾਓ।
ਕੀ ਗਰਭ ਅਵਸਥਾ ਨੂੰ ਰੋਕਣ ਵਿੱਚ ਕੋਈ ਚੀਜ਼ ਇਸ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦੀ ਹੈ?
ਗਰਭਨਿਰੋਧਕ ਟੀਕਾ ਘੱਟ ਅਸਰਦਾਰ ਹੁੰਦਾ ਹੈ ਜੇ ਤੁਸੀਂ:
- ਜੇਕਰ ਤੁਸੀਂ ਟੀਕਾ ਦੇਰ ਨਾਲ ਲਗਵਾਇਆ ਹੈ (ਤੁਹਾਡੇ ਆਖਰੀ ਟੀਕੇ ਤੋਂ ਲੈਕੇ 14 ਹਫਤਿਆਂ ਤੋਂ ਵੱਧ ਸਮਾਂ ਬਾਅਦ)
ਕੀ ਇਹ ਜਿਨਸੀ ਤੌਰ 'ਤੇ ਫੈਲਣ ਵਾਲੀਆਂ ਲਾਗਾਂ (STIs) ਤੋਂ ਰੱਖਿਆ ਕਰਦਾ ਹੈ?
ਨਹੀਂ
ਸਿਰਫ ਅੰਦਰੂਨੀ ਅਤੇ ਬਾਹਰੀ ਕੰਡੋਮ ਹੀ STI ਤੋਂ ਬਚਾਉਣ ਵਾਲੇ ਗਰਭ ਨਿਰੋਧਕ ਹਨ।
ਵਰਤੋਂ ਅਤੇ ਵਿਚਾਰ
ਇਸ ਨੂੰ ਕਿੰਨ੍ਹੀ ਕੁ ਵਕਫੇ ਬਾਅਦ ਵਰਤਣ ਜਾਂ ਬਦਲਣ ਦੀ ਲੋੜ ਹੁੰਦੀ ਹੈ?
ਗਰਭਨਿਰੋਧਕ ਟੀਕਾ ਲਾਜ਼ਮੀ ਤੌਰ 'ਤੇ ਹਰ 12 ਹਫਤਿਆਂ (ਲਗਭਗ 3 ਮਹੀਨੇ) ਵਿੱਚ ਦਿੱਤਾ ਜਾਣਾ ਚਾਹੀਦਾ ਹੈ, ਜਿਸ ਵਿੱਚ ਖੁਰਾਕਾਂ ਵਿਚਕਾਰ ਅਧਿਕਤਮ 14 ਹਫਤਿਆਂ ਦਾ ਅੰਤਰ ਹੁੰਦਾ ਹੈ। ਕਿਉਂਕਿ ਇਹ ਲਾਜ਼ਮੀ ਤੌਰ 'ਤੇ ਕਿਸੇ ਸਿਹਤ-ਸੰਭਾਲ ਪੇਸ਼ੇਵਰ ਦੁਆਰਾ ਦਿੱਤਾ ਜਾਣਾ ਚਾਹੀਦਾ ਹੈ, ਇਸ ਲਈ ਦੁਹਰਾਉਣ ਵਾਲੀਆਂ ਅਪੋਇੰਟਮੈਂਟਾਂ ਦੀ ਲੋੜ ਹੁੰਦੀ ਹੈ।
ਕੀ ਕੋਈ ਇਹ ਪਤਾ ਲਗਾ ਸਕੇਗਾ ਕਿ ਮੈਂ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰ ਰਹੀ ਹਾਂ?
ਗਰਭ ਨਿਰੋਧਕ ਟੀਕੇ ਦੀ ਵਰਤੋਂ ਗੁਪਤ ਰੂਪ ਨਾਲ ਕੀਤੀ ਜਾ ਸਕਦੀ ਹੈ।
ਜਿਸ ਦਿਨ ਤੁਸੀਂ ਟੀਕਾ ਲਗਾਉਂਦੇ ਹੋ, ਉਸ ਦਿਨ ਸੂਈ ਲੱਗਣ 'ਵਾਲੀ ਥਾਂ ਤੇ ਇੱਕ ਛੋਟਾ ਜਿਹਾ ਨਿਸ਼ਾਨ ਦਿਖਾਈ ਦੇ ਸਕਦਾ ਹੈ, ਪਰ ਇਹ ਆਮ ਤੌਰ 'ਤੇ ਇੱਕ ਹਫਤੇ ਦੇ ਅੰਦਰ ਫਿੱਕਾ ਪੈ ਜਾਂਦਾ ਹੈ। ਜਿਸ ਥਾਂ ਤੇ ਤੁਸੀਂ ਸੂਈ ਲੈਂਦੇ ਹੋ ਉੱਥੇ ਤੁਹਾਨੂੰ ਕੁਝ ਨੀਲ ਪੈ ਸਕਦਾ ਹੈ ਅਤੇ ਕੋਮਲਤਾ ਮਹਿਸੂਸ ਹੋ ਸਕਦੀ ਹੈ।
ਸੁਰੱਖਿਆ ਅਤੇ ਮਾੜੇ ਪ੍ਰਭਾਵ
ਕੀ ਇਸ ਦੇ ਕੋਈ ਮਾੜੇ ਪ੍ਰਭਾਵ ਹਨ?
ਸਾਰੀਆਂ ਦਵਾਈਆਂ ਵਾਂਗ, ਕੁਝ ਲੋਕ ਮਾੜੇ ਪ੍ਰਭਾਵਾਂ ਦਾ ਅਨੁਭਵ ਕਰ ਸਕਦੇ ਹਨ।
ਕੁਝ ਸੰਭਾਵੀ ਮਾੜੇ ਪ੍ਰਭਾਵਾਂ ਵਿੱਚ ਇਹ ਸ਼ਾਮਲ ਹਨ:
- ਸਿਰ ਦਰਦ
- ਮੁਹਾਸੇ
- ਮੂਡ ਵਿੱਚ ਤਬਦੀਲੀਆਂ
- ਖੂਨ ਵਗਣ ਦੇ ਬਦਲੇ ਹੋਏ ਪੈਟਰਨ ਭਾਰ ਵਧਣਾ
- ਕਾਮੁਕਤਾ ਵਿੱਚ ਕਮੀ (ਸੰਭੋਗ ਵਿੱਚ ਘੱਟ ਦਿਲਚਸਪੀ)
- ਹੱਡੀਆਂ ਦੀ ਘਣਤਾ ਵਿੱਚ ਕਮੀ
ਕੁਝ ਕੁ ਲੋਕਾਂ ਨੂੰ ਗਰਭਨਿਰੋਧਕ ਟੀਕੇ ਦੀ ਵਰਤੋਂ ਕਰਦੇ ਸਮੇਂ ਕੋਈ ਮਾੜੇ ਪ੍ਰਭਾਵਾਂ ਦਾ ਤਜ਼ਰਬਾ ਨਹੀਂ ਹੁੰਦਾ ਜਾਂ ਸਕਾਰਾਤਮਕ ਤਬਦੀਲੀਆਂ ਦਾ ਤਜ਼ਰਬਾ ਹੁੰਦਾ ਹੈ। ਮਾੜੇ ਪ੍ਰਭਾਵ ਕੁਝ ਮਹੀਨਿਆਂ ਬਾਅਦ ਠੀਕ ਹੋ ਸਕਦੇ ਹਨ। ਜੇ ਗਰਭਨਿਰੋਧਕ ਟੀਕੇ ਦੇ ਮਾੜੇ ਪ੍ਰਭਾਵ ਤੁਹਾਨੂੰ ਪਰੇਸ਼ਾਨ ਕਰਦੇ ਹਨ, ਤਾਂ ਤੁਹਾਨੂੰ ਕਿਸੇ ਵੱਖਰੇ ਕਿਸਮ ਦੀ ਗਰਭ ਨਿਰੋਧਕ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਕੀ ਕੋਈ ਅਜਿਹੀਆਂ ਸਿਹਤ ਅਵਸਥਾਵਾਂ ਜਾਂ ਜੀਵਨਸ਼ੈਲੀ ਕਾਰਕ ਹਨ ਜੋ ਮੈਨੂੰ ਇਸ ਕਿਸਮ ਦੇ ਗਰਭਨਿਰੋਧਕ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ?
ਕੁਝ ਆਮ ਸਿਹਤ ਅਵਸਥਾਵਾਂ ਅਤੇ ਜੀਵਨਸ਼ੈਲੀ ਕਾਰਕ ਜੋ ਤੁਹਾਨੂੰ ਗਰਭਨਿਰੋਧਕ ਟੀਕੇ ਦੀ ਵਰਤੋਂ ਕਰਨ ਤੋਂ ਰੋਕ ਸਕਦੇ ਹਨ, ਉਹਨਾਂ ਵਿੱਚ ਸ਼ਾਮਲ ਹਨ:
- ਸਟਰੋਕ ਦਾ ਇਤਿਹਾਸ
- ਦਿਲ ਦੀ ਬਿਮਾਰੀ (ਵਰਤਮਾਨ ਜਾਂ ਅਤੀਤ)
- ਛਾਤੀ ਦਾ ਕੈਂਸਰ (ਵਰਤਮਾਨ ਜਾਂ ਅਤੀਤ)
- ਜਿਗਰ ਦੀ ਤੀਬਰ ਬਿਮਾਰੀ ਜਾਂ ਜਿਗਰ ਦਾ ਕੈਂਸਰ
- ਯੋਨੀ ਵਿੱਚੋਂ ਬਿਨਾਂ ਵਜ੍ਹਾ ਖੂਨ ਵਗਣਾ
ਗਰਭ ਨਿਰੋਧਕ ਟੀਕੇ ਦੀ ਸਲਾਹ ਆਮ ਤੌਰ 'ਤੇ 18 ਸਾਲ ਤੋਂ ਘੱਟ ਜਾਂ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਹੱਡੀਆਂ ਦੀ ਘਣਤਾ 'ਤੇ ਇਸਦੇ ਪ੍ਰਭਾਵ ਦੇ ਕਾਰਨ ਨਹੀਂ ਦਿੱਤੀ ਜਾਂਦੀ ਹੈ।
ਆਪਣੇ ਲਈ ਸਭ ਤੋਂ ਸੁਰੱਖਿਅਤ ਅਤੇ ਢੁਕਵੇਂ ਗਰਭਨਿਰੋਧਕ ਵਿਕਲਪ ਦਾ ਫੈਸਲਾ ਲੈਂਦੇ ਸਮੇਂ ਕਿਸੇ ਸਿਹਤ-ਸੰਭਾਲ ਪੇਸ਼ੇਵਰ ਨਾਲ ਆਪਣੇ ਪੂਰੇ ਡਾਕਟਰੀ ਇਤਿਹਾਸ ਬਾਰੇ ਗੱਲ ਕਰਨਾ ਮਹੱਤਵਪੂਰਨ ਹੈ।
ਪਹੁੰਚ ਅਤੇ ਲਾਗਤ
ਮੈਂ ਇਸ ਤੱਕ ਕਿਵੇਂ ਪਹੁੰਚ ਕਰਾਂ?
ਤੁਹਾਨੂੰ ਡਾਕਟਰੀ ਨੁਸਖੇ ਦੀ ਲੋੜ ਪਵੇਗੀ। ਤੁਸੀਂ ਇਹ ਕਿਸੇ ਡਾਕਟਰ ਕੋਲੋਂ (ਕਿਸੀ ਜੀ.ਪੀ. ਜਾਂ ਸਬੰਧਿਤ ਮਾਹਿਰ, ਉਦਾਹਰਨ ਲਈ ਗਾਈਨਾਕੋਲੋਜਿਸਟ), ਨਰਸ ਪ੍ਰੈਕਟੀਸ਼ਨਰ ਜਾਂ ਫਾਰਮਾਸਿਸਟ (ਕੁਝ ਰਾਜਾਂ ਅਤੇ ਖਿੱਤਿਆਂ ਵਿੱਚ) ਕੋਲੋਂ ਪ੍ਰਾਪਤ ਕਰ ਸਕਦੇ ਹੋ। ਉਹਨਾਂ ਨੂੰ ਤੁਹਾਡੇ ਡਾਕਟਰੀ ਇਤਿਹਾਸ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਉਹ ਤੁਹਾਡੇ ਲਈ ਦਵਾਈ ਲਿਖਣ ਤੋਂ ਪਹਿਲਾਂ ਕੁਝ ਟੈਸਟ ਕਰ ਸਕਦੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਟੀਕਾ ਤੁਹਾਡੇ ਲਈ ਸੁਰੱਖਿਅਤ ਵਿਕਲਪ ਹੈ।
ਤੁਸੀਂ ਡਾਕਟਰੀ ਨੁਸਖਾ ਇਥੋਂ ਪ੍ਰਾਪਤ ਕਰ ਸਕਦੇ ਹੋਂ:
- ਜੀ.ਪੀ. ਕਲੀਨਿਕ
- ਕਿਸੇ ਮਾਹਰ ਨਾਲ ਅਪੌਇੰਟਮੈਂਟ ਰਾਹੀਂ
- ਟੈਲੀਹੈਲਥ ਅਪੌਇੰਟਮੈਂਟ (ਔਨਲਾਈਨ ਜਾਂ ਫ਼ੋਨ 'ਤੇ)
- ਜਿਨਸੀ ਸਿਹਤ ਕਲੀਨਿਕ
- ਪਰਿਵਾਰ ਨਿਯੋਜਨ ਕਲੀਨਿਕ
ਜਦੋਂ ਤੁਹਾਡੇ ਕੋਲ ਕੋਈ ਡਾਕਟਰੀ ਨੁਸਖਾ ਹੁੰਦਾ ਹੈ, ਤਾਂ ਤੁਸੀਂ ਗਰਭ ਨਿਰੋਧਕ ਟੀਕਾ ਜ਼ਿਆਦਾਤਰ ਫਾਰਮੇਸੀਆਂ ਤੋਂ ਖਰੀਦ ਸਕਦੇ ਹੋ, ਜਿਸ ਵਿੱਚ ਆਨਲਾਈਨ ਫਾਰਮੇਸੀਆਂ ਤੋਂ ਖਰੀਦਣਾ ਵੀ ਸ਼ਾਮਲ ਹੈ।
ਫੇਰ ਤੁਹਾਨੂੰ ਟੀਕੇ ਨੂੰ ਆਪਣੇ ਸਿਹਤ-ਸੰਭਾਲ ਪੇਸ਼ੇਵਰ ਜਾਂ ਕਲੀਨਿਕ ਕੋਲ ਵਾਪਸ ਲਿਜਾਣ ਦੀ ਲੋੜ ਪਵੇਗੀ, ਅਤੇ ਉਹ ਤੁਹਾਨੂੰ ਟੀਕਾ ਲਗਾਉਣਗੇ। ਟੀਕਾ ਤੁਹਾਡੇ ਚਿੱਤੜ ਜਾਂ ਬਾਂਹ ਦੇ ਉੱਪਰਲੇ ਹਿੱਸੇ ਦੀ ਮਾਸਪੇਸ਼ੀ ਵਿੱਚ ਦਿੱਤਾ ਜਾਂਦਾ ਹੈ। ਤੁਸੀਂ ਟੀਕਾ ਆਪਣੇ ਆਪ ਨਹੀਂ ਲਗਾਉਂਦੇ।
ਮੈਨੂੰ ਕਿਹੜੇ ਖਰਚਿਆਂ 'ਤੇ ਵਿਚਾਰ ਕਰਨ ਦੀ ਲੋੜ ਹੈ?
ਗਰਭ ਨਿਰੋਧਕ ਟੀਕਾ ਫਾਰਮਾਸਿਊਟੀਕਲ ਬੈਨੀਫਿਟਸ ਸਕੀਮ (ਪੀਬੀਐਸ) 'ਤੇ ਸੂਚੀਬੱਧ ਹੈ, ਜੋ ਮੌਜੂਦਾ ਮੈਡੀਕਲ ਕਾਰਡ ਧਾਰਕਾਂ ਲਈ ਇਹਨਾਂ ਨੂੰ ਸਸਤਾ ਬਣਾਉਂਦੀ ਹੈ।
ਗਰਭਨਿਰੋਧਕ ਟੀਕੇ ਨੂੰ ਹਰ 12 ਹਫਤਿਆਂ ਬਾਅਦ ਖਰੀਦਣ ਦੀ ਲੋੜ ਪਵੇਗੀ। ਹਰੇਕ ਟੀਕੇ ਵਾਸਤੇ ਲਾਗਤ ਇਹ ਹੈ:
- PBS ਕੀਮਤ: $25 ਤੱਕ
- ਰਿਆਇਤ ਕਾਰਡ ਧਾਰਕਾਂ ਲਈ PBS ਕੀਮਤ: $7.70 ਤੱਕ
- ਨਿੱਜੀ ਡਾਕਟਰੀ ਨੁਸਖਾ: $20-30
ਹਾਲਾਂਕਿ ਕੁਝ ਸਿਹਤ-ਸੰਭਾਲ ਪੇਸ਼ੇਵਰ ਥੋਕ ਬਿੱਲ ਦਿੰਦੇ ਹਨ (ਜਿਸਦਾ ਅਰਥ ਹੈ ਕਿ ਤੁਸੀਂ ਉਨ੍ਹਾਂ ਨੂੰ ਮਿਲਣ ਲਈ ਕੁਝ ਵੀ ਨਹੀਂ ਦੇਵੋਗੇ), ਕੁਝ ਤੁਹਾਡੇ ਟੀਕਾ ਲਗਵਾਉਣ ਲਈ ਲੋੜੀਂਦੀ ਅਪੌਇੰਟਮੈਂਟ ਵਾਸਤੇ ਤੁਹਾਡੇ ਤੋਂ ਫੀਸ ਲੈ ਸਕਦੇ ਹਨ।
ਉਪਜਾਊ ਸ਼ਕਤੀ ਅਤੇ ਭਵਿੱਖ ਦੀ ਯੋਜਨਾਬੰਦੀ
ਕੀ ਇਹ ਮੇਰੀ ਭਵਿੱਖ ਦੀ ਜਣਨ ਸ਼ਕਤੀ ਨੂੰ ਪ੍ਰਭਾਵਤ ਕਰੇਗਾ?
ਨਹੀਂ, ਗਰਭ ਨਿਰੋਧਕ ਟੀਕਾ ਲੰਮੇ ਸਮੇਂ ਦੀ ਜਣਨ ਸ਼ਕਤੀ ਨੂੰ ਪ੍ਰਭਾਵਤ ਨਹੀਂ ਕਰਦਾ ਹੈ।
ਪਰ, ਤੁਹਾਡੀ ਜਣਨ ਸ਼ਕਤੀ ਨੂੰ ਸਾਧਾਰਨ ਹੋਣ ਨੂੰ ਤੁਹਾਡੇ ਆਖਰੀ ਟੀਕੇ ਤੋਂ ਲੈਕੇ 6-18 ਮਹੀਨਿਆਂ ਵਿਚਕਾਰ ਸਮਾਂ ਲੱਗ ਸਕਦਾ ਹੈ।
ਕੀ ਮੈਂ ਬੱਚਾ ਪੈਦਾ ਕਰਨ ਤੋਂ ਬਾਅਦ ਇਸ ਕਿਸਮ ਦੇ ਗਰਭ ਨਿਰੋਧਕ ਦੀ ਵਰਤੋਂ ਕਰ ਸਕਦੀ ਹਾਂ?
ਤੁਸੀਂ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਗਰਭਨਿਰੋਧਕ ਟੀਕੇ ਦੀ ਵਰਤੋਂ ਸ਼ੁਰੂ ਕਰ ਸਕਦੇ ਹੋ, ਭਾਵੇਂ ਤੁਸੀਂ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾ ਰਹੇ ਹੋ। ਗਰਭਅਵਸਥਾ ਤੋਂ ਬਚਣ ਲਈ ਤੁਹਾਨੂੰ ਜਨਮ ਦੇਣ ਦੇ 21 ਦਿਨਾਂ ਦੇ ਅੰਦਰ ਗਰਭਨਿਰੋਧਕ ਟੀਕੇ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਹੈ।
ਬੇਦਾਅਵਾ
ਪਿਛਲੀ ਵਾਰ ਸਮੀਖਿਆ ਕੀਤੀ ਗਈ: ਅਗਸਤ 2026